ਕੋਈ ਨਹੀਂ ਸੀ ਜਾਣਦਾ
ਕਿ ਪੋਤੇ ਹੁਣ ਬੁੱਕਲ ਵਿਚ ਨਹੀਂ ਪਰਤਣਗੇ
ਕਿ ਲੋਰੀਆਂ ਦੀ ਰੁੱਤ ਨੇ
ਇਹੋ ਜੇਹੇ ਧਰੂ ਤਾਰੇ ਸਜਾਉਣੇ ਨੇ
ਅਸਮਾਨ ਦੀ ਟੀਸੀ ਤੇ
ਕੋਈ ਨਹੀਂ ਸੀ ਜਾਣਦਾ
ਕਿ ਲਾਡ ਹਿਲਾ ਦੇਣਗੇ ਤਖਤ
ਇੱਟਾਂ ਗਾਰਿਆਂ ਵਿਚ ਲਿੱਬੜ ਕੇ
ਕਿ ਇਕ ਨਾਂਹ ਕਹਿਣ ਤੇ
ਜ਼ਮੀਨ ਪਾਟ ਜਾਵੇਗੀ
ਹਾਕਮ ਦੇ ਪੈਰਾਂ ਹੇਠੋਂ
ਕਿ ਕੰਧਾਂ ਨੂੰ ਵੀ ਤਸੀਹੇ ਝੱਲਣੇ ਪੈਣਗੇ
ਖੂਨ ਚ ਨ੍ਹਾਉਣਗੀਆਂ ਦੀਵਾਰਾਂ
ਕਿਸੇ ਨੂੰ ਨਹੀਂ ਸੀ ਪਤਾ
ਕਿ ਬਚਪਨ ਵੀ ਸ਼ਹਾਦਤਾਂ
ਦੇਣ ਜੋਗੇ ਹੁੰਦੇ ਨੇ
ਸਮੇਂ ਨੂੰ ਕੋਈ ਖ਼ਬਰ ਨਹੀਂ ਸੀ
ਕਿ ਪਿਤਾ ਨੂੰ ਵੀ ਪੁੱਛਣਾ ਨਹੀਂ
ਸੀ ਬੱਚਿਆਂ ਨੇ
ਅੰਬਰਾਂ ਤੇ ਸਦੀਆਂ ਲਿਖਣ ਵੇਲੇ
ਕਿ ਇਤਿਹਾਸ ਕਿੱਦਾਂ ਬਦਲ ਦਈ ਦੇ ਨੇ
ਪਲਾਂ ਵਿਚ
ਕੋਈ ਨਹੀਂ ਸੀ ਜਾਣਦਾ
ਕਿ ਅਰਸ਼ ਖੜ੍ਹਾ ਖੜੋਤਾ
ਰੋ ਪਵੇਗਾ ਵੇਖ ਵੇਖ
ਨਿੱਕੇ ਨਿੱਕੇ ਬੋਲਾਂ ਦੇ ਹੌਸਲੇ
ਕਿ ਕੁਰਬਾਨੀਆਂ ਦੇ ਰਾਹ
ਪੁੱਤ ਵੀ ਦੱਸਦੇ ਹੁੰਦੇ ਹਨ ਬਾਪੂਆਂ ਨੂੰ
ਕਿ ਦਾਦੀਆਂ
ਲਾਡਾਂ ਵਿਚ ਏਨੇ ਜਜ਼ਬਾਤ
ਵੀ ਗੁੰਨ੍ਹ ਸਕਦੀਆਂ ਨੇ
ਕੋਈ ਨਹੀਂ ਸੀ ਜਾਣਦਾ
ਕਿਸੇ ਨੂੰ ਵੀ ਨਹੀਂ ਸੀ ਪਤਾ