ਕੋਲ ਰਹਿੰਦੇ ਨੇ

ਹਕੀਕਤ ਹੈ ਕਿ ਉਹ ਹਰ ਵਕਤ ਮੇਰੇ ਕੋਲ ਰਹਿੰਦੇ ਨੇ,

ਮੇਰੇ ਦਿਲ ਵਿੱਚ ਜੋ ਗੱਲ ਹੈ ਉਹੀ ਗੱਲ ਕਹਿੰਦੇ ਨੇ।

ਹਮੇਸ਼ਾਂ ਮਨ ਦੇ ਅਕਾਸ਼ਾਂ ਤੇ ਉਹ ਛਾਏ ਨੇ ਘਟਾ ਬਨ ਕੇ,

ਮੇਰੇ ਇਸ ਦਿਲ ਦੀ ਵਾਦੀ ਵਿੱਚ ਨਦੀ ਬਨ ਕੇ ਉਹ ਵਹਿੰਦੇ ਨੇ।

ਬੜੀ ਹੈਰਾਨਗੀ ਹੈ ਉਹ ਨਜ਼ਰ ਆਉਂਦੇ ਨਹੀਂ ਐਪਰ,

ਮੇਰੇ ਹਰ ਦੁੱਖ ਨੂੰ ਆਪਣਾ ਦੁੱਖ ਹਮੇਸ਼ਾ ਜਾਣ ਸਹਿੰਦੇ ਨੇ।

ਅਸਾਡੀ ਏਸ ਦੂਰੀ ਨੂੰ ਤੁਸੀਂ ਵੀ ਸਮਝੋ ਮਜ਼ਬੂਰੀ,

ਮੈਂ ਸੁਣਿਐ ਯਾਦ ਜਦ ਕਰਦੇ ਨੇ ਅੱਥਰੂ ਆਣ ਵਹਿੰਦੇ ਨੇ।

ਉਹ ਮੇਰੇ ਨਾਲ ਹੀ ਰਹਿੰਦੇ ਨੇ ਸਾਏ ਦੀ ਤਰ੍ਹਾਂ ਹਰਦਮ,

ਮੇਰੇ ਦਿਲ ਤੋਂ ਕਦੇ ਵੀ ਸਮਝ ਇੱਕ ਪਲ ਨਾ ਲਹਿੰਦੇ ਨੇ।

ਜਵਾਨੀ ਵਿੱਚ ਤਾਂ ਹਰ ਇਨਸਾਨ ਝਟਕੇ ਸਹਿ ਹੀ ਜਾਂਦਾ ਏ,

ਬੁਢਾਪੇ ਵਿੱਚ ਮਗਰ 'ਅਮਰੀਕ' ਏਦਾਂ ਕਿਓਂ ਝਟਕਦੇ ਨੇ।

📝 ਸੋਧ ਲਈ ਭੇਜੋ