ਕੋਲੇ ਦੀ ਦਲਾਲੀ ਵਿਚ ਮੂੰਹ ਕਾਲਾ

ਸਾਰੀ ਪਿੰਡੀ ਸ਼ਹਿਰ ਵਿਚ ਇਕੋ ਮੇਰਾ ਯਾਰ ਸੀ

ਜਿਦ੍ਹੇ ਨਾਲ ਸਾਰਿਆਂ ਤੋਂ ਗੂਹੜਾ ਮੇਰਾ ਪਿਆਰ ਸੀ

ਹੁੰਦੀ ਪ੍ਰੀਤ ਜਿਵੇਂ ਬੱਦਲ ਅਤੇ ਮੋਰ ਦੀ

ਫੁੱਲ ਅਤੇ ਭੌਰ ਹੁੰਦੀ ਚੰਨ ਤੇ ਚਕੋਰ ਦੀ

ਮੱਛੀ ਅਤੇ ਜਲ ਹੁੰਦੀ ਗੁੱਡੀ ਅਤੇ ਡੋਰ ਦੀ

ਐਸੀ ਸੀ ਪ੍ਰੀਤ ਮੇਰੀ ਉਸ ਚਿਤ ਚੋਰ ਦੀ

ਕੁੰਡਾ ਨਾ ਸੀ ਸਿਰ ਉਤੇ ਮੁਢੋਂ ਹੀ ਆਜ਼ਾਦੀ ਸੀ

ਜੂਆ ਉਹਨੂੰ ਖੇਡਣੇ ਦੀ ਨਿਕੀ ਨਿਕੀ ਵਾਦੀ ਸੀ

ਵਿਸਕੀ ਦੀ ਬੋਤਲ ਇਕ ਸ਼ੀਕ ਨਾਲ ਪੀਂਦਾ ਸੀ

ਭੰਗ ਦੇ ਬਗੈਰ ਇਕ ਪਲ ਵੀ ਨਾ ਜੀਂਦਾ ਸੀ

ਚੰਗਿਆਂ ਦਾ ਵੈਰੀ ਅਤੇ ਲੁਚਿਆਂ ਦਾ ਯਾਰ ਸੀ

ਪਿੰਡ ਵਿਚ ਨਾਮੀ ਇਕ ਵਡਾ ਡਾਂਗ ਮਾਰ ਸੀ

ਕੰਜਰਾਂ ਦੇ ਘਰ ਗਾਣਾ ਸੁਣਨੇ ਨੂੰ ਜਾਂਦਾ ਸੀ

ਕਦੀ ਕਦੀ ਦਮ ਉਹ ਤਾਂ ਚਰਸ ਦੇ ਵੀ ਲਾਂਦਾ ਸੀ

ਵਾਰਿਸ ਸ਼ਾਹ ਦੀ ਹੀਰ ਉਹਨੂੰ ਚੋਖੀ ਸਾਰੀ ਯਾਦ ਸੀ

ਖੀਸਾ ਗੰਢ ਕੱਟਣੇ ਦਾ ਪੂਰਾ ਉਸਤਾਦ ਸੀ

ਭਾਈਆਂ ਰੋਜ਼ ਪਿਟੇ ਉਹਦੇ ਘਰ ਨਾ ਤੂੰ ਜਾਇਆ ਕਰ

ਹੱਟੀ ਉਤੇ ਬਹਿ ਕੇ ਦਿਲ ਕੰਮ ਵਿਚ ਲਾਇਆ ਕਰ

ਆਖਿਆ ਮੈਂ ਹੋਵੇ ਉਹਦਾ ਚੰਗਾ ਮੰਦਾ ਰਾਸਤਾ

ਮੈਨੂੰ ਮੇਰੇ ਯਾਰ ਦੀ ਹੈ ਯਾਰੀ ਨਾਲ ਵਾਸਤਾ

ਇਕ ਦਿਨ ਕੋਠੇ ਉਤੇ ਜੂਆ ਸੀ ਖਿਡਾਂਵਦਾ

ਮਜ਼ੇ ਸੀ ਉਡਾਂਦਾ ਨਾਲੇ ਪੀਂਵਦਾ ਪਿਲਾਂਵਦਾ

ਜੂਏ ਉਤੇ ਦਾਅ ਉਹ ਤਾਂ ਲਾਂਦਾ ਬੇ-ਤਹਾਸ਼ਾ ਸੀ

ਮੈਂ ਵੀ ਪਰ ਬੈਠਾ ਹੋਇਆ ਵੇਖਦਾ ਤਮਾਸ਼ਾ ਸੀ

ਪੁਲਸੀਆਂ ਨੇ ਕੋਠੇ ਉਤੇ ਘੇਰਾ ਕੇ ਘਤਿਆ

ਉਡ ਗਈ ਜਵਾਰੀਆਂ ਦੀ ਇਕੋ ਵੇਰ ਸਤਿਆ

ਝਟ ਪਟ ਉਹਨਾਂ ਨੇ ਤਰੱਡਾ ਫੂਹੜੀ ਚੁਕਿਆ

ਕਿਸੇ ਮਾਰੀ ਛਾਲ ਕੋਈ ਟੱਟੀ ਵਿਚ ਲੁਕਿਆ

ਮੌਕੇ ਉਤੇ ਪੁਲਸੀਆਂ ਨੇ ਪੰਜਾਂ ਤਾਈਂ ਪਕੜਿਆ

ਮੈਂ ਵੀ ਉਹਨਾਂ ਦੋਸ਼ੀਆਂ ਦੇ ਨਾਲ ਗਿਆ ਜਕੜਿਆ

ਅੱਖਾਂ ਵਿਚ ਮੇਰੀਆਂ ਦੇ ਲਗੀ ਇਕ ਝੜੀ ਸੀ

ਮੈਨੂੰ ਮੇਰੇ ਯਾਰ ਨਾਲ ਲਗੀ ਹਥਕੜੀ ਸੀ

ਸੁਣਦਾ ਸੀ ਜਿਹੜਾ ਉਹ ਯਕੀਨ ਨਾ ਸੀ ਕਰਦਾ

ਆਖੇ ਉਹ ਅਜਿਹੀ ਥਾਂ ਤੇ ਪੈਰ ਨਹੀਂ ਸੀ ਧਰਦਾ

ਭਾਈਏ ਮੈਨੂੰ ਪੁਛਿਆ ਤੂੰ ਕਿਵੇਂ ਜਾ ਕੇ ਫਸਿਆ

ਭੁੱਬਾਂ ਮਾਰ ਮਾਰ ਕੇ ਮੈਂ ਇਉਂ ਉਹਨੂੰ ਦਸਿਆ

ਜੂਆ ਨਾ ਮੈਂ ਖੇਡਿਆ ਨਾ ਖੇਡਣ ਦੀ ਆਸ਼ਾ ਸੀ

ਮੈਂ ਤਾਂ ਪਰੇ ਬੈਠਾ ਹੋਇਆ ਵੇਖਦਾ ਤਮਾਸ਼ਾ ਸੀ

ਭਾਈਏ ਕਿਆ ਗੰਦ ਵਿਚ ਗੰਦੀ ਪਵਨ ਝੁਲਦੀ

ਫੁੱਲਾਂ ਵਿਚ ਆਵੇ ਖ਼ੁਸ਼ਬੂ ਸੋਹਣੀ ਫੁੱਲ ਦੀ

ਕਰਨਾ ਕੁਸੰਗ ਬੱਚਾ ਮਾੜਿਆਂ ਦਾ ਚਾਲਾ

ਕੋਲੇ ਦੀ ਦਲਾਲੀ ਵਿਚ ਮੂੰਹ ਹੁੰਦਾ ਕਾਲਾ

📝 ਸੋਧ ਲਈ ਭੇਜੋ