ਕੂੜ ਭਰੇ ਇਲਜ਼ਾਮ ਇਨ੍ਹਾਂ ਸਿਰ ਧਰਿਓ ਨਾ

ਕੂੜ ਭਰੇ ਇਲਜ਼ਾਮ ਇਨ੍ਹਾਂ ਸਿਰ ਧਰਿਓ ਨਾ ।

ਆਪਣਿਆਂ ਨੂੰ ਹੋਰ ਬਿਗਾਨੇ ਕਰਿਓ ਨਾ ।

ਅੱਗ ਦੇ ਜਾਇਉ ਆਪਣਾ ਸੇਕ ਭੁਲਾਇਉ ਨਾ,

ਠੰਡੀ ਪੌਣ ਤੋਂ ਡਰ ਕੇ ਐਵੇਂ ਠਰਿਓ ਨਾ ।

ਸੋਚਣ ਦੇ ਢੰਗ ਵੱਖੋ ਵੱਖਰੇ ਹੋ ਸਕਦੇ,

ਪਰ ਸੋਚਾਂ ਦੇ ਅੰਦਰ ਜ਼ਹਿਰਾਂ ਭਰਿਓ ਨਾ ।

ਜੰਗਜੂਆਂ ਦੇ ਜੇ ਵਾਰਿਸ ਅਖਵਾਉਂਦੇ ਹੋ, 

ਜੰਗਾਂ ਲੜਨੇ ਤੋਂ ਪਹਿਲਾਂ ਹੀ ਹਰਿਓ ਨਾ ।

ਰੋਜ਼ ਲੁਟੇਰੇ, ਹਾਕਮ ਚੜ ਚੜ ਆਵਣਗੇ,

ਖੱਬੀ ਖਾਨਾਂ ਦੀ ਵੀ ਟੈਂਅ ਨੂੰ ਜਰਿਓ ਨਾ ।

ਮਾਵਾਂ ਦੀ ਅਰਦਾਸ ਖ਼ੁਦਾ ਦੇ ਘਰ ਅੰਦਰ,

ਹਾੜ੍ਹਾ ਪੁੱਤਰੋ ਸਾਥੋਂ ਪਹਿਲਾਂ ਮਰਿਓ ਨਾ ।

ਨਿੱਤ ਹਨੇਰੀ ਬਿਪਤਾ ਬਣ ਕੇ ਟੁੱਟੇਗੀ, 

ਦੀਪ 'ਅਮਨ' ਦੇ ਬਣਿਉ, ਐ ਪਰ ਡਰਿਓ ਨਾ ।

📝 ਸੋਧ ਲਈ ਭੇਜੋ