ਕੂੰਜ ਦਾ ਗੀਤ

ਨੀ ਮੈਂ ਕਿਹੜੇ ਦੇਸ਼ ਉੱਡਾਂ

ਨੀ ਮੈਂ ਕਿਹੜੇ ਦੇਸ਼ ਜਾਵਾਂ ?

ਏਥੇ ਜੰਗ ਦੇ ਨੇ ਭਾਂਬੜ

ਉਥੇ ਕਾਲ ਦਾ ਪ੍ਰਛਾਵਾਂ

ਖਿੰਡੀ ਮੁਰਦਿਆਂ ਦੀ ਬਦਬੋ

ਉੜੀ ਜ਼ਿੰਦਗੀ ਦੀ ਖ਼ੁਸ਼ਬੋ

ਮਹਿਕਾਂ ਦਾ ਸੀਨਾ ਛਣਿਆਂ

ਛਲਨੀ ਹੋਈਆਂ ਹਵਾਵਾਂ

ਅਸੀਂ ਅੰਬਰਾਂ ਦੇ ਪੰਛੀ

ਸਾਰਾ ਹੀ ਅੰਬਰ ਸਾਂਝਾ

ਤੁਸੀਂ ਬੰਨਿਆਂ ਤੋਂ ਲੜਦੇ

ਜਣਿਆਂ ਹੈ ਕੈਸੀ ਮਾਵਾਂ ?

ਸਤਰੰਗੀ ਪੀਂਘ ਸਾਡੀ

ਦੇ ਰੰਗ ਹੋਏ ਧੁੰਦਲੇ

ਬੰਬਾਂ ਦਾ ਧੂਆਂ ਉੱਡਿਆ

ਜ਼ਖ਼ਮੀ ਹੋਈਆਂ ਹਵਾਵਾਂ

ਅਸੀਂ ਆਹਲਣਾ ਨਾ ਪਾਈਏ

ਅੱਗਾਂ ਨੇ ਸਾੜ ਦੇਣਾ

ਜ਼ਹਿਰਾਂ ਨੇ ਧਰਤੀ ਲੂਸੀ

ਨੀਂ ਮੈਂ ਕੀ ਪੀਆਂ ਕੀ ਖਾਵਾਂ ?

ਸੂਰਜ ਦੇ ਵੱਲ ਨੂੰ ਉੱਡੀਏ

ਅਸੀਂ ਸ਼ਾਮ ਤੇ ਸਵੇਰੇ

ਕਈ ਵਾਰ ਦਿਲ 'ਚ ਆਈ

ਆਦਮ ਨੂੰ ਰਾਹ ਵਿਖਾਵਾਂ

📝 ਸੋਧ ਲਈ ਭੇਜੋ