ਕਾਗ਼ਜ਼ ਕੰਬਖ਼ਤ ਤਾਂ ਐਵੇਂ ਬਹਾਨਾ ਸੀ
ਨੀਲੇ ਅਸਮਾਨ ਤੇ ਝਿਲਮਿਲ ਝਿਲ ਤਾਰੇ
ਪਾਣੀ ਮਹੀਨ ਹੇਠ ਕੁਲਲ ਕੁਲਲ ਗੀਟੇ
ਬੰਜਰ ਬਰਾਨ ਵਿਚ ਵਿੰਗਤੜਿੰਗੀਆਂ ਛਾਵਾਂ
ਇਹ ਸਭ ਸਤਰਾਂ ਇਵੇਂ ਮੈਂ ਹੀ ਤਾਂ ਲਿਖੀਆਂ ਸਨ
ਮੈਂ ਹੀ ਤਾਂ ਸਰਾਂ ਤੇ ਚਾਨਣ ਹੋ ਤੁਰਿਆ
ਪਹੁੰਚਾਂ ਸਾਂ ਤੇਰੇ ਪਾਸ
ਮੇਰੀ ਹੀ ਤਪਤ ਤੇਜ਼ ਸੁਲਗ ਸੂਹੀ ਪਿਆਸ ਸੀ
ਡੀਕ ਗਈ ਜੋ ਤੇਰੇ ਸਾਰੇ ਦਰਿਆਵਾਂ ਨੂੰ
ਕਾਗ਼ਜ਼ ਕੰਬਖ਼ਤ ਤਾਂ ਐਵੇਂ ਬਹਾਨਾ ਸੀ
ਸੁਲਗਦੇ ਕੋਲਿਆਂ ਦੀਆਂ ਪੁੜੀਆਂ ਬੰਨ੍ਹ ਬੰਨ੍ਹ ਕੇ,
ਮੈਂ ਹੀ ਧਰ ਆਇਆ ਸਾਂ ਤੇਰੇ ਦਰਵਾਜ਼ੇ ਤੇ
ਰਾਜੇ ਦਾ ਹੁਕਮ ਮੇਰੇ ਤੀਕਣ ਆ ਪਹੁੰਚਾ ਹੈ
ਨੀਲੇ ਅਸਮਾਨ
ਨਾਲੇ ਬੰਜਰ ਬਰਾਨ
ਪਾਣੀ ਮਹੀਨ
ਵਿਗੀ ਛਾਂ, ਸੂਹੀ ਪਿਆਸ
ਸਭਨਾਂ ਤੇ ਪਹਿਰਾ ਹੈ
ਸੁੰਗੜ ਗਏ ਕਾਗ਼ਜ਼ ਉਹ
ਜਿੰਨ੍ਹਾਂ ਤੇ ਅੱਗ ਕਦੀ ਸ਼ਿਅਰ ਬਣ ਜਾਂਦੀ ਸੀ
ਰੋਮ ਰੋਮ ਅੱਖ ਹੈ
ਤੇ ਅੱਖ ਅੱਖ ਰੜਕ ਹੈ
ਜੀਭ ਤੇ ਛਾਲਾ ਜੋ ਕੌਣ ਨਹੀਂ ਦੇਂਦਾ ਹੈ
ਅੱਧੀ, ਊਣੀ ਪੌਣੀ ਰਾਤ ਸੰਘ ਵਿਚ ਅਟਕੀ ਹੈ
ਨੀਂਦ ਨਹੀਂ ਆਉਂਦੀ ਹੈ
ਬਾਹਰ ਹਨੇਰਾ ਹੈ ਸਿਰਫ਼ ਚੋਰਾਂ ਵਾਸਤੇ
ਚੋਰਾਂ ਵਾਂਗ ਉੱਠਦਾ ਹਾਂ
ਨ੍ਹੇਰੇ ਵਿਚ ਤੁਰਦਾ ਹਾਂ
ਤੇਰੇ ਦਰਵਾਜ਼ੇ ਤੇ
ਕੋਰਾ ਇਕ ਕਾਗ਼ਜ਼ ਲੇਵੀ ਨਾਲ ਲਿੰਬ ਜਾਂਦਾ ਹਾਂ
ਜਦੋਂ ਫੇਰ ਧਰਤੀ, ਪਾਣੀ, ਅਸਮਾਨ
ਲਿਖਣ ਜੋਗ ਹੋਣਗੇ
ਉਹਨਾਂ ਤੇ ਲਿਖਾਂਗਾ
ਕਾਗ਼ਜ਼ ਵਿਚਾਰਾ ਤਾਂ ਐਵੇਂ ਬਹਾਨਾ ਹੈ