ਕੋਠੇ ਤੇ ਆ ਕੇ ਚਾਨਣੀ ਜਦ ਰਾਤ ਨੂੰ ਲਹੇ ।
ਕੰਨਾਂ 'ਚ ਹੌਲੀ ਹੌਲੀ ਤਿਰੇ ਬਾਰੇ ਕੁਛ ਕਹੇ ।
ਖੜਕੇ ਨਾ ਘੁੰਗਰੂ ਕਿਤੇ ਵੰਗਾਂ ਨਾ ਛਣਕੀਆਂ,
ਪਰ ਫਿਰ ਵੀ ਇਕ ਸੰਗੀਤ ਜਿਹਾ ਸਾਥ ਹੀ ਰਹੇ।
ਮੇਰੇ ਨਹੀਂ ਤਾਂ ਆਪਣੇ ਸਾਏ ਤੋਂ ਪੁੱਛ ਲੈ,
ਕਿਸਦੀ ਨੇ ਅੱਖੋਂ ਅੱਥਰੂ ਕਿੰਨਾ ਕੁ ਚਿਰ ਵਹੇ ।
ਤੂੰ ਹੈਂ ਨਦੀ ਤਾਂ, ਛਲਕਣਾ ਸਿਖ ਕੁਛ ਨ ਕੁਛ ਜ਼ਰੂਰ,
ਰੁੱਖਾਂ ਦੇ ਹੋਠਾਂ ਤੇ ਸਦਾ ਹੀ ਪਿਆਸ ਕਿਉਂ ਰਹੇ।
ਦੁਨੀਆਂ ਨਹੀਂ ਹੈ ਨਾਸ਼ਵਾਨ ਮੈਂ ਵੀ ਸਮਝਨਾਂ,
ਚਿਹਰੇ ਤਿਰੇ ਤੇ ਟਹਿਕਦਾ ਪਰ ਫੁੱਲ ਜੇ ਰਹੇ ।
ਆ ਕੇ ਚਲੀ ਵੀ ਜਾਇਗੀ ਇਕ ਰਾਤ ਹੀ ਤਾਂ ਹੈ,
ਗਰਦਿਸ਼ 'ਚ ਜ਼ਿੰਦਗੀ ਫਸੀ ‘ਅਜਮੇਰ’ ਕੀਹ ਕਹੇ?