ਮੈਂ ਆਪਣੀ ਤੇਹ ਵਿੱਚ

ਪਰਚਿਆ ਰੇਗਿਸਤਾਨ ਸਾਂ

 

ਮੁੱਦਤ ਤੋਂ ਮੈਂ

ਆਪਣੀ ਤਪਸ਼ ’ਚ ਤਪਦਾ

ਆਪਣੀ ਅਗਨ ’ਚ ਸੜਦਾ

ਆਪਣੀ ਕਾਇਆ ’ਚ ਸੁਲਘਦਾ

 

ਭੁੱਲ ਗਈ ਸੀ ਮੈਨੂੰ

ਛਾਂ, ਪਿਆਸ, ਨੀਰ

 

ਭੁੱਲ ਗਏ ਸਨ

ਮੈਨੂੰ ਇਹ ਸਾਰੇ ਲਫ਼ਜ਼

ਲਫ਼ਜ਼ਾਂ ਦੇ ਸਾਰੇ ਮਾਅਨੇ

ਮੇਰੇ ਕਣ ਕਣ ਨੇ

ਆਪਣੀ ਵਿਰਾਨਗੀ

ਆਪਣੀ ਤਪਸ਼

ਆਪਣੀ ਉਦਾਸੀ ਵਿੱਚ

ਪਰਚਣਾ ਸਿੱਖ ਲਿਆ ਸੀ

 

ਪਰ

ਤੇਰੀਆਂ ਤਲੀਆਂ ਵਿਚੋਂ ਮੋਹ ਦੀਆਂ

ਕੁਝ ਕੁ ਬੂੰਦਾਂ ਕੀ ਡਿੱਗੀਆਂ

ਕਿ ਮੇਰੇ ਕਣ ਕਣ ਵਿੱਚ

ਫੇਰ ਪਿਆਸ ਜਾਗ ਪਈ

ਜਿਉਣ ਦੀ ਪਿਆਸ

ਆਪਣੇ ਅੰਦਰੋਂ

ਕੁਝ ਉਗਾਉਣ ਦੀ ਪਿਆਸ

 

ਤੇਰੇ ਮੋਹ ਦੇ ਨੀਰ ਦੀਆਂ

ਕੁਝ ਕੁ ਬੂੰਦਾਂ ਨੇ

ਇਹ ਕੀ

ਕਰਾਮਾਤ ਕਰ ਦਿੱਤੀ

 

ਕਿ ਇੱਕ ਮਾਰੂਥਲ ਵਿੱਚ ਵੀ

ਜਿਊਣ ਦੀ ਖਾਹਿਸ਼ ਭਰ ਦਿੱਤੀ।

📝 ਸੋਧ ਲਈ ਭੇਜੋ