ਕਰੋਪੀ ਨਾ ਕਰਦੀ ਕੁਦਰਤ

ਬੜੇ ਦਿਨਾਂ ਤੋਂ ਸੁਣ ਰਹੀ ਹਾਂ, ਕਿ ਕਰੋਪੀ ਕਰਦੀ ਕੁਦਰਤ।

 ਕੁਦਰਤ ਕਦੇ ਨਾ ਬਦਲੇ ਲੈਂਦੀ, ਇਹ ਨਾ ਉਸਦੀ ਫ਼ਿਤਰਤ।

 ਉਸਦੇ ਤਾਂ ਨੇ ਭਰੇ ਭੰਡਾਰੇ, ਸੋਚ ਸਮਝ ਕੇ ਵੰਡੇ।

 ਉਸ ਦੀ ਜੋ ਬੇਅਦਬੀ ਕਰਦੇ, ਉਹਨਾਂ ਆਖਣ ਬੰਦੇ।

 ਓਸ ਤੇ ਨਾਜ਼ਕ ਕਲੀਆਂ, ਫੁੱਲਾਂ, ਉੱਤੇ ਸੁੱਟੀਆਂ ਕਣੀਆਂ।

 ਬੰਦੇ ਬੰਨ੍ਹ ਬਣਾ ਰੋਕੀਆਂ, ਬੰਦੇ ਤਾਂ ਮੁਸੀਬਤਾਂ ਬਣੀਆਂ।

 ਉਸ ਨਹੀਂ ਕਿਹਾ ਕਿ ਡੈਮ ਬਣਾਓ, ਬਿਜਲੀ ਪੈਦਾ ਕਰੋ।

 ਓਸ ਤੇ ਸੂਰਜ ਚੰਦ ਬਣਾਏ, ਸਮਾਂਬੱਧ ਨੇ ਵਰਤੋਂ ਕਰੋ।

 ਨਹੀਂ ਅਸੂਲ ਕਿ ਧਰਤੀ ਵਿੱਚੋਂ, ਕੱਢ ਕੇ ਰੱਖੋ ਹੀਰੇ।

 ਸੋਨੇ ਚਾਂਦੀ ਪਿੱਤਲ, ਅਨਾਜਾਂ, ਭਰ-ਭਰ ਰੱਖੋ ਜ਼ਖ਼ੀਰੇ।

 ਪੰਛੀ ਤੀਲਿਆਂ ਆਲਣਾ ਪਾਵੇ, ਢੱਠ ਜਾਵੇ ਤੇ ਫੇਰ ਬਣਾਵੇ।

 ਛੰਨਾਂ ਪਾ ਤੂੰ ਵੀ ਜੀਅ ਸਕਦਾ, ਲੈਂਟਰਾਂ ਥੱਲੇ ਆਪੇ ਆਵੇਂ।

 ਚੀਤੇ, ਸ਼ੇਰ ਤੇ ਹੋਰ ਜਾਨਵਰ, ਕੁਦਰਤ ਦੇ ਕਹਿਣੇ ਚੱਲਦੇ।

 ਇਨਸਾਨ ਨਹੀਂ ਧੀਰਜ ਨੂੰ ਧਰਦੇ, ਤਾਈਂਓ ਭੁੱਖੇ ਮਰਦੇ।

 ਸਰਬ ਤੂੰ ਖਿਲਵਾੜ ਬੰਦ ਕਰ, ਪਾਣੀ ਨੂੰ ਮਾਰ ਨਾ ਬੰਨ੍ਹ।

 ਆਪ ਕੀਤੀ ਨਾ ਓਸ ਦੀ ਕਹਿ, ਆਪਣੀ ਗ਼ਲਤੀ ਮੰਨ।

 ਕੁਦਰਤ ਦਾ ਸਤਿਕਾਰ ਕਰ, ਸਤਿ ਕਰਤਾਰ ਤੂੰ ਬੋਲ।

 ਉਹਦੀ ਨਗਰੀ ਆਪ ਵਸਾ ਲਊ, ਤੂੰ ਨਾ ਐਵੇਂ ਡੋਲ।

📝 ਸੋਧ ਲਈ ਭੇਜੋ