ਪਹਿਲ ਵਾਰੀਂ ਤੇਰੇ ਪਰਸਨ ਤੋਂ ਪਹਿਲਾਂ
ਅਚੇਤੀ ਰੀਝ ਨੇ ਜਿਸ ਥਾਂ
ਕੁਆਰੀ ਕਪਕਪੀ ਦੀ ਲੀਕ ਵਾਹੀ ਸੀ
ਉਸੇ ਥਾਂ ਝੂਲਦੀ ਹੈ ਡਾਲ ਇਕ ਬਿਨ ਮੂਲ
ਮੇਰੇ ਥਾਣੀ ਹਰੀ ਖ਼ੁਸ਼ਬੋ ਦੀ ਕੰਜਕ
ਰੇਖ ਨਚਦੀ ਜਾ ਰਹੀ ਹੈ
ਕੁਆਰੀ ਕਪਕਪੀ ਤੋਂ
ਉਮਰ ਨੂੰ ਛਿਣ ਭਰ ਲਈ ਮੁਕਤੀ ਨਹੀਂ
ਤੇਰੇ ਪਰਸਨ ਤੋਂ ਪਹਿਲਾਂ - ਮੈਂ
ਉਡੀਕਾਂ ਵਿਚ ਖੜਾ ਹਾਂ
ਫੇਰ ਆ
ਪਹਿਲੇ ਪਰਸ ਨੂੰ ਨਾਲ ਲੈ ਕੇ
ਡਾਲ ਤੇ ਨਿਤ-ਊਂਘਦੇ ਲੱਖ ਪੰਛੀਆਂ ਦੀ ਡਾਰ ਹੈ
ਮੇਰੇ ਕੁਲ ਤਨ ਬਦਨ ਵਿਚ
ਚੁਹਰ-ਚੁਹ-ਚੁਹ-ਚੁਹਰ ਦਾ ਬਾਗ਼ ਖਿੜਿਆ ਹੈ
ਸਦਾ ਕੋਈ ਨਾ ਕੋਈ ਚੁੰਝ ਤਿੱਖੀ
ਊਂਘਦੀ ਚੁਭਦੀ ਅਚੇਤਾ ਚੁਹਲ ਕਰਦੀ ਹੈ
ਉਮਰ ਦਾ ਹਰ ਛਿਣ
ਕੁਆਰੀ ਕਪਕਪੀ ਦਾ ਭੋਗ ਹੈ
ਜਦੋਂ ਕੋਈ ਰੂਪ ਸੁੱਚਾ ਜਾਂ ਅਸੁੱਚਾ
ਆਪਣੀ ਧੁੱਪ ਸੇਕਦਾ ਜਾਂ ਡੋਲ੍ਹਦਾ
ਮੇਰੇ ਵਲੋਂ ਧਿਆਨਾ, ਬੇਧਿਆਨਾ ਲੰਘ ਜਾਂਦਾ ਹੈ
ਤਾਂ ਮੇਰੀ ਊਂਘ ਦੇ ਪੈਰਾਂ ਦੇ ਹੇਠਾਂ ਚਿਣਗ ਮਘਦੀ ਹੈ
ਮੇਰੇ ਅੰਦਰ
ਕਰੋੜਾਂ ਪੰਛੀਆਂ ਦੀ ਫੜਫੜਾਹਟ
ਤ੍ਰਭਕ ਉਠਦੀ ਹੈ
ਜਿਦ੍ਹੇ ਵਿਚ ਦਿਲ ਦੀ ਧੜਕਨ
ਡੋਲ੍ਹਦੀ ਡੁਲ੍ਹਦੀ ਹੋਈ ਮਹਿਸੂਸ ਹੁੰਦੀ ਹੈ
ਉਦੋਂ ਮੈਂ ਅਪਣੇ ਸੈਲਾਬ ਦੇ ਵਿਚ ਗਰਕ ਜਾਂਦਾ ਹਾਂ
ਮੈਂ ਅਪਣੇ ਸ਼ੋਰ ਤੋਂ
ਪਲ ਭਰ ਉਭਰ ਕੇ
ਰੂਪ ਨੂੰ ਆਵਾਜ਼ ਦੇਵਾਂ
ਮੇਰੇ ਅੰਦਰ ਮੇਰਾ ਇਤਨਾ ਵੀ ਸਾਹ ਬਾਕੀ ਨਹੀਂ ਹੁੰਦਾ
ਫਿਰ ਜਦੋਂ ਤੂਫ਼ਾਨ ਰੁਕਦਾ ਹੈ
ਭਰ ਦੁਪਹਿਰਾਂ ਵਿਚ ਇਕੱਲੇ ਬਿਰਛ ਦੀ ਹਉਂ ਵਾਂਗ
ਅਪਣੇ ਪਾਸ ਮੁੜਦਾ ਹਾਂ
ਝੁਲਸਿਆ, ਛਾਂਦਾਰ
ਭਰੇ ਰੌਲੇ 'ਚ ਸੰਝੀ ਚੁਪ ਦਾ ਟੋਟਾ
ਨਾ ਜੋ ਆਵਾਜ਼ ਦੇ ਸਕਿਆ
ਉਹੋ ਆਵਾਜ਼
ਮਰੀ ਸਪਣੀ ਜਹੀ ਗਲ ਵਿਚ ਲਟਕਦੀ ਹੈ
ਮਰੀ ਸਪਣੀ ਦਾ ਜਿਊਂਦਾ ਡੰਗ
ਅਜੇ ਤੀਕਰ ਕੁਆਰਾ ਹੈ
ਮੇਰੇ ਸਾਹਾਂ ਨੂੰ ਖਹਿ ਕੇ
ਜਦ ਵੀ ਸਪਣੀ ਝੂਲਦੀ ਹੈ
ਮੇਰੇ ਤਨ ਵਿਚ ਕੁਆਰੀ ਕਪਕਪੀ ਫਿਰ ਤ੍ਰਭਕ ਉਠਦੀ ਹੈ
ਇਕ ਚੁਹਰ-ਚੁਹ-ਚੁਹ-ਚੁਹਰ ਦਾ ਬਾਗ ਖਿੜਦਾ ਹੈ
ਪਹਿਲ ਵਾਰੀਂ
ਤੇਰੇ ਪਰਸਨ ਤੋਂ ਵੀ ਪਹਿਲਾਂ
ਅਚੇਤੀ ਰੀਝ ਨੇ ਜਿਸ ਥਾਂ
ਕੁਆਰੀ ਕਪਕਪੀ ਦੀ ਲੀਕ ਵਾਹੀ ਸੀ
ਉਸੇ ਥਾਂ ਝੂਲਦੀ ਹੈ ਡਾਲ ਇਕ ਬਿਨ ਮੂਲ