ਕੁਛ ਪਲ ਦਰਿਆ ਕੋਲ ਖਲੋ ਕੇ ਦੇਖਾਂਗੇ

ਕੁਛ ਪਲ ਦਰਿਆ ਕੋਲ ਖਲੋ ਕੇ ਦੇਖਾਂਗੇ । 

ਇਸ ਵਿਚ ਅਪਣਾ ਸਾਇਆ ਧੋ ਕੇ ਦੇਖਾਂਗੇ।

ਫੁੱਲ ਸਦਾ ਹੀ ਵੰਡਦੇ ਆਏ ਖੁਸ਼ਬੂਆਂ,

ਫੁੱਲਾਂ ਵਰਗੇ ਆਪਾਂ ਹੋ ਕੇ ਦੇਖਾਂਗੇ

ਇਕਲਾਪੇ ਦੀ ਨਿੰਮੀ-ਨਿੰਮੀ ਧੁੱਪ ਅੰਦਰ, 

ਯਾਦਾਂ, ਦੇ ਕੁਛ ਹਾਰ ਪਰੋ ਕੇ ਦੇਖਾਂਗੇ

ਸ਼ਾਮ-ਸਵੇਰੇ ਇੱਛਾ ਨੂੰ ਫ਼ਲ ਲੱਗੇਗਾ, 

ਰੁੱਖਾਂ ਜਿੱਡੇ ਆਪਾਂ ਹੋ ਕੇ ਦੇਖਾਂਗੇ

ਤੇਰੇ ਸਾਏ ਕੋਲ ਲਿਜਾ ਕੇ ਸਾਏ ਨੂੰ,

ਏਦਾਂ ਤੇਰੇ ਕੋਲ ਖਲੋ ਕੇ ਦੇਖਾਂਗੇ, 

ਅਪਣੇ ਤਨ ਦੀ ਵੀ ਪਰਖਾਂਗੇ ਖੁਸ਼ਬੂਈ,

ਖੁਸ਼ਬੂਆਂ ਤੋਂ ਦੂਰ ਖਲੋ ਕੇ ਦੇਖਾਂਗੇ

ਕਦ ਹੋਵੇਗੀ ਇਸ 'ਤੇ ਦਸਤਕ 'ਇਕਵਿੰਦਰ' ?

ਕਦ ਤੱਕ ਦਿਲ ਦਾ ਬੂਹਾ ਢੋ ਕੇ ਦੇਖਾਂਗੇ ?

📝 ਸੋਧ ਲਈ ਭੇਜੋ