ਕੁੜੇ ਕੇਸ ਤੇਰੇ ਜਦ ਖੁੱਲ੍ਹ ਜਾਂਦੇ।

ਅਸੀਂ ਰੋਹੀਆਂ ਦੇ ਵਿਚ ਰੁਲ ਜਾਂਦੇ।

ਰੰਗ ਪਵੇ ਅੱਲਾ ਦੇ ਬਿਰਖਾਂ ਨੂੰ 

ਅਸੀਂ ਤੀਰ ਛੋੜ ਕੇ ਭੁੱਲ ਜਾਂਦੇ।

ਕੁਲ ਤੋੜ ਯਾਰ ਦੇ ਕੌਲ ਅਸੀਂ 

ਹੋ ਦਾਮਨ ਕਿਸੇ ਦਾ ਹੁੱਲ ਜਾਂਦੇ। 

ਤੇਰੇ ਨੈਣ ਹਵਾ ਵਿਚ ਝੁਲ ਜਾਂਦੇ, 

ਤਪ ਕੀਤੇ ਉਮਰ ਦੇ ਕੁੱਲ ਜਾਂਦੇ। 

ਸਭ ਰੰਗ ਹੜ੍ਹਾਂ ਦੇ ਬਲ ਪੈਂਦੇ 

ਜਦ ਦਰ ਫੱਕਰਾਂ ਦੇ ਖੁੱਲ੍ਹ ਜਾਂਦੇ। 

ਤੱਕ ਅੱਥਰੀ ਮੌਜ ਫ਼ਕੀਰਾਂ ਦੀ 

ਤੇਰੇ ਰਾਹਾਂ ਦੇ ਟੁੱਟ ਪੁਲ ਜਾਂਦੇ। 

ਠਿਲ੍ਹ ਪੈਣ ਅਸਾਂ ਵਿਚ ਲੱਖ ਨਦੀਆਂ 

ਤਿਰੇ ਸ਼ੀਂਹ ਘਾਟਾਂ 'ਤੇ ਰੁਲ ਜਾਂਦੇ। 

ਤੱਕ ਸ਼ੌਕ ਦੇ ਅੱਥਰੇ ਨੈਣਾਂ ਨੂੰ 

ਲੱਖ ਬਾਜ਼ ਅੰਬਰ ਦੇ ਖੁੱਲ੍ਹ ਜਾਂਦੇ। 

ਤੇਰੇ ਫੁੱਲ ਵਣਾਂ ਨੂੰ ਉੱਡ ਪੈਂਦੇ 

ਸਭ ਨਾਗ ਜ਼ਿਮੀਂ ਵਿਚ ਘੁਲ ਜਾਂਦੇ। 

ਕੁੜੇ ਕੇਸ ਤੇਰੇ ਜਦ ਖੁੱਲ੍ਹ ਜਾਂਦੇ 

ਅਸੀਂ ਰੋਹੀਆਂ ਦੇ ਵਿਚ ਰੁਲ ਜਾਂਦੇ।

📝 ਸੋਧ ਲਈ ਭੇਜੋ