ਸਾਡਿਆਂ ਦੇਸਾਂ ਦੇ ਵੱਲੋਂ ਆਉਂਦੀਏ ਪੁਰੇ ਦੀ ‘ਵਾਏ

ਕੋਈ ਤਾਂ ਸੁਨੇਹਾ ਲੈ ਕੇ

ਸਾਨੂੰ ਪਰਦੇਸਣਾਂ ‘ਕੁਦੇਸਣਾਂ’ ਨੂੰ ਆਣ ਕੇ ਨੀ

ਵਤਨਾਂ ਦਾ ਹਾਲ ਦੱਸ ਜਾਹ

ਕੇਹੀ ਸਾਡੀ ਹੋਣੀ ਐਸੀ ਕਿਸੇ ਦੀ ਨਹੀਂ ਹੋਣੀ

ਬਿਨਾ ਲਾਵਾਂ ਫੇਰਿਆਂ ਵਿਆਹ

ਮਹਿੰਦੀ ਨਾ ਕਲੀਰੇ ਨਾ ਸੁਹਾਗ ਵਾਲ਼ੇ ਗੀਤ

ਜੰਝ ਢੁੱਕੀ ਸਿੱਕਿਆਂ ਦੀ

ਸੁਪਨੇ ਸੰਧੂਰੀ ਸਾਰੇ ਅੱਲ੍ਹੜ  ਵਰੇਸ ਵਿੱਚ

ਹੋ ਗਏ ਸੀ ਸੜ ਕੇ ਸਵਾਹ

ਸਾਡਿਆਂ ਦੇਸਾਂ  ਦੇ ਵੱਲੋਂ ਆਉਂਦੀਏ ਪੁਰੇ ਦੀ 'ਵਾਏ

ਕੋਈ ਤਾਂ ਸੁਨੇਹਾ ਲੈ ਕੇ

ਅਵਧ ਤੇ ਮਗਧ 'ਚ ਜੰਮੀਆਂ ਦੇ ਮਾਪੇ , ਖੌਰੇ

ਕਿੰਨੇ ਕੁ ਥੁੜੇ ਜਾਂ ਮਜਬੂਰ ਸੀ

ਗਾਈਆਂ ਵਾਂਗ ਵੇਚੀਆਂ ਨੇ ਖ਼ੁਦ ਜਿਨ੍ਹਾਂ ਢਿੱਡੋਂ ਜਾਈਆਂ

ਤੋਰੀਆਂ ਬਿਗਾਨੇ ਦੇਸ ਦੂਰ ਸੀ

ਕੇਹਾ ਇਹ ਸੰਜੋਗ ਬਣ ਜਾਂਦਾ ਜੋ ਵਿਯੋਗ

ਬੰਦ ਕਰ ਦੇਵੇ ਪੇਕਿਆਂ ਦੇ ਰਾਹ

ਸਾਡਿਆਂ ਦੇਸਾਂ ਦੇ ਵੱਲੋਂ ਆਉਂਦੀਏ ਪੁਰੇ ਦੀ 'ਵਾਏ

ਕੋਈ ਤਾਂ ਸੁਨੇਹਾ ਲੈ ਕੇ ਆ।

ਸਾਡੀ ਕੋਈ ਜਾਤ ਨਾ ਔਕਾਤ ਬਸ ਅਸੀਂ ਇੱਕ

ਵੇਚੀ ਤੇ ਖ਼ਰੀਦੀ ਹੋਈ ਕੁੱਖ ਹਾਂ

ਨਸਲ ਦੀ ਫ਼ਸਲ ਉਗਾਉਣ ਲਈ ਬੇਰਾਂ ਵੱਟੇ

ਬੈਅ ਹੋਈ ਜ਼ਮੀਨ ਵਾਲ਼ਾ ਦੁੱਖ ਹਾਂ

ਔਰਤ ਸਦਾ ਹੀ ਬਸ ਜਿਸਮ ਜਾਂ ਕੁੱਖ ਰਹੀ

ਬਣੀ ਇਹ ਕਦੀ ਵੀ ਮਨੁੱਖ ਨਾ

ਰੱਬਾ ! ਮੇਰਿਆ ਡਾਹਢਿਆ ਰੱਬਾ

ਸਾਡਿਆਂ ਦੇਸਾਂ  ਦੇ ਵੱਲੋਂ ਆਉਂਦੀਏ ਪੁਰੇ ਦੀ  'ਵਾਏ

ਕੋਈ ਤਾਂ ਸੁਨੇਹਾ ਲੈ ਕੇ

ਕਿਸੇ ਕਿਸੇ ਰੁੱਖ ਉੱਤੇ ਕਦੇ ਨਾ ਬਹਾਰ ਆਉਂਦੀ

ਕਈ ਫੁੱਲ ਬਿਨਾ ਖ਼ੁਸ਼ਬੋਅ

ਸਾਡੀ ਜ਼ਿੰਦਦਗਾਨੀ ਵੀ ਵੀਰਾਨੀਆਂ ਦੀ ਤਸਦੀਕ

ਮਿਲ਼ਦੀ ਨਾ ਕਿਤੇ ਕੋਈ ਢੋਅ

ਸਖੀ ਨਾ ਸਹੇਲੀ ਨਾ ਹੀ ਅੰਗ ਸਾਕ ਐਸਾ ਕੋਈ

ਧੀਰਜ ਬੰਨ੍ਹਾਵੇ ਜਿਹੜਾ

ਸਾਡਿਆਂ ਦੇਸਾਂ  ਦੇ ਵੱਲੋਂ ਆਉਂਦੀਏ ਪੁਰੇ ਦੀ 'ਵਾਏ

ਕੋਈ ਤਾਂ ਸੁਨੇਹਾ ਲੈ ਕੇ

📝 ਸੋਧ ਲਈ ਭੇਜੋ