ਕੁੜੀ ਚਿੜੀ

ਦੋਸਤ ਆਖਦੇ ਨੇ

ਯਾਰ !

ਕੋਈ ਕੁੜੀ ਚਿੜੀ ਦੀ ਗੱਲ ਸੁਣਾ

ਮੈਂ

ਮਾਂ ਦੀ ਗੱਲ ਛੋਹ ਲੈਂਦਾ ਹਾਂ

ਮਾਂ ਵੀ ਤਾਂ

ਕੁੜੀ ਚਿੜੀ ਸੀ ਕਦੀ

ਫਿਰ

ਉਸ ਦਾ ਵਿਆਹ ਹੋ ਗਿਆ

ਘਰ......

ਬਾਹਰ......

ਬੱਚੇ......

ਤੇ ਰਾਸ਼ਨ ਦੀ ਲੰਮੀ ਕਤਾਰ ’ਚ

ਚਿੜੀ ਦੇ ਪਰਾਂ ਦੀ ਪਰਵਾਜ਼

ਗੁੰਮ ਹੋ ਗਈ

ਉਸ ਦੇ ਸ਼ੌਕ ਦੇ ਸਿਆਹ ਵਾਲ਼ਾਂ ਨੂੰ

ਫ਼ਿਕਰਾਂ ਦੇ ਧੌਲ਼ੇ ਖਾ ਗਏ

ਇੱਕ ਇੱਕ ਕਰਕੇ

ਉਸ ਦੇ ਸਾਰੇ ਚਾਅ ਮਰ ਗਏ

ਪਰ ਮਾਂ ਜਿਉਂਦੀ ਰਹੀ

ਆਪਣੇ ਬਾਲ

ਆਪਣੇ ਸੁਫ਼ਨੇ ਦੇ ਆਸਰੇ

ਮਾਂ ਸੁਫ਼ਨੇ ਨੂੰ

ਅੱਥਰੂ ਦੀ ਛਾਂ ਕਰਦੀ ਰਹੀ

ਤੇ ਸੁਫ਼ਨਾ

ਜੁਆਨ ਹੁੰਦਾ ਗਿਆ

ਜੁਆਨ ਹੋਇਆ ਸੁਫ਼ਨਾ

ਰੋਟੀ ਦੇ ਜੰਗਲ ’ਚ ਭਟਕ ਗਿਆ

ਮੁੜ ਨਹੀਂ ਆਇਆ

ਹੁਣ

ਮਾਂ ਅੱਖੀਆਂ ’ਚ ਉਡੀਕ ਭਰ ਕੇ

ਜਲਾਵਤਨ ਸੁਫ਼ਨੇ ਨੂੰ ਉਡੀਕਦੀ ਹੈ

ਤੇ ਮਾਂ ਦੀਆਂ ਅੱਖੀਆਂ ’ਚ

ਮੋਤੀਆ ਉਤਰ ਆਇਆ ਹੈ

ਮਾਂ ਮਰ ਰਹੀ ਹੈ

ਮਾਂ ਵੀ ਤਾਂ

ਕੁੜੀ ਚਿੜੀ ਸੀ ਕਦੀ 

📝 ਸੋਧ ਲਈ ਭੇਜੋ