ਕੁੜੀਆਂ ਕੇਸ ਵਾਹੁੰਦੀਆਂ

ਗੁਰਾਂ ਦਾ ਦਰਸ ਵਡੇਰਾ ਹੈ, ਗੁਰਾਂ ਤੋਂ ਕਾਹਦਾ ਪਰਦਾ ਹੈ

ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਹੈ

ਕਿੰਨੀਆਂ ਸੋਹਣੀਆਂ ਕੰਘੀਆਂ ਨੇ, ਲਗਦੈ ਰੱਬ ਤੋਂ ਮੰਗੀਆਂ ਨੇ

ਇਹਨਾਂ ਦਾ ਦਾਜ ਵੀ ਕੱਤਣਾ ਹੈ, ਅਜੇ ਤਾਂ ਕੋਠਾ ਛੱਤਣਾ ਹੈ

ਇਹ ਦੁਨੀਆ ਦਮੜੇ ਚੱਬਦੀ ਹੈ ਤੇ ਪੈਸਾ ਘੋਲ਼ ਕੇ ਪੀਂਦੀ ਹੈ

ਨੀਂ 'ਥੋਡੇ ਕਾਜ ਰਚਾਉਣੇ ਨੇ ਤੇ ਚੋਖੀ ਰਕਮ ਲੋੜੀਂਦੀ ਹੈ

ਇਹ ਫੱਗਣ ਦੇ ਗਲ਼ ਪੱਤਿਆਂ ਦੇ, ਹਾਰ-ਹਮੇਲਾਂ ਵਰਗੀਆਂ ਨੇ

ਜਾਂ ਆਲ਼ੀਆਂ-ਭੋਲ਼ੀਆਂ ਉਮਰਾਂ ਦੇ, ਵਿੱਸਰੇ ਖੇਲਾਂ ਵਰਗੀਆਂ ਨੇ

ਇਹ ਧੂੜਾਂ ਬਾਵਰੀਆਂ ਹੋਈਆਂ, ਕਿੱਥੇ ਕੁ ਜਾ ਕੇ ਬਹਿਣਾ ਹੈ

ਸੰਧੂਰੀ ਟਿੱਬਿਆਂ ਦਾ ਝਾਕਾ, ਹਵਾ ਵਿੱਚ ਤਰਦਾ ਰਹਿਣਾ ਹੈ

ਇਹ ਕੁੜੀਆਂ ਕਨਸਾਂ ਪੂੰਝਦੀਆਂ ਤੇ ਸੁੱਚੇ ਸੁਹਜ ਦਾ ਚਸ਼ਮਾ ਨੇ

ਇਹਨਾਂ ਨੂੰ ਜੰਮਿਆ ਮਾਪਿਆਂ ਨੇ, ਇਹਨਾਂ ਨੂੰ ਮਾਰਿਆ ਰਸਮਾਂ ਨੇ

ਕਿ ਦਿਲ ਵਿੱਚ ਹੌਲ਼ ਜਿਆ ਪੈਂਦਾ ਹੈ, ਬਾਪੂ ਚੁੱਪ-ਚੁੱਪ ਰਹਿੰਦਾ ਹੈ

ਦੁਨੀ ਦੇ ਬਾਗ 'ਚ ਵੱਸਦੇ ਨੂੰ, ਕੁੜੇ ਕੀ ਹੋ ਗਿਆ ਹੱਸਦੇ ਨੂੰ ?

ਕਿ ਮਹਿੰਦੀ ਚੜ੍ਹ ਜਾਵੇ ਸੂਹੀ, ਜ਼ਮੀਨਾਂ ਗਹਿਣੇ ਧਰਦਾ ਹੈ

ਕੁੜੀਆਂ ਕੇਸ ਵਾਹੁੰਦੀਆਂ ਨੇ ਸੂਰਜ ਧੁੱਪਾਂ ਕਰਦਾ ਹੈ

ਇਹ ਸੂਹੀ ਪੱਗ ਦੇ ਚਾਨਣ ਨੂੰ, ਜਦੋਂ ਖ਼ਾਬਾਂ ਵਿੱਚ ਸੇਕਦੀਆਂ

ਤਾਂ ਮਾਂ ਦੇ ਵਿਆਹ ਵਾਲੇ ਲੀੜੇ, ਉਦੋਂ ਪਾ-ਪਾ ਕੇ ਵੇਖਦੀਆਂ

ਇਹਨਾਂ ਦੇ ਵੀਰਾ ਨੀਂ ਹੋਇਆ, ਸਿਰਾਂ 'ਤੇ ਚੀਰਾ ਨੀਂ ਹੋਇਆ

ਇਹ ਜਿਹੜੇ ਤਾਰੇ ਜਗਦੇ ਨੇ, ਇਹਨਾਂ ਨੂੰ ਵੀਰੇ ਲਗਦੇ ਨੇ

ਇਹਨਾਂ ਦੇ ਪੈਰ ਭੰਬੀਰੀਆਂ ਨੇ, ਇਹ ਕੰਮੀਂ-ਧੰਦੀਂ ਰੁੱਝੀਆਂ ਨੇ

ਇਹ ਖੁੱਲ੍ਹੀ ਗੰਢ ਦੇ ਵਰਗੀਆਂ ਨੇ ਤੇ ਫਿਰ ਵੀ ਕਾਹਤੋਂ ਗੁੱਝੀਆਂ ਨੇ ?

ਇਹਨਾਂ ਨੂੰ ਖਾਧਾ ਪਚਦਾ ਹੈ, ਇਹ ਸੋਹਿਲੇ ਰੱਬ ਦੇ ਗਾਉਂਦੀਆਂ ਨੇ

ਇਹ ਰਾਹ ਦੇ ਕੱਖਾਂ-ਕੰਡਿਆਂ ਨੂੰ, ਸਿਰ ਦਾ ਤਾਜ ਬਣਾਉਂਦੀਆਂ ਨੇ

ਜੋ ਸਾਖਰਤਾ ਦੀਆਂ ਲਹਿਰਾਂ ਨੇ, ਇਹਨਾਂ ਦੇ ਘਰ ਵਿੱਚ ਵੜੀਆਂ ਨੀਂ

ਇਹਨਾਂ ਨੇ ਵਰਕੇ ਪਲਟੇ ਨਈਂ ਤੇ ਹੱਥ ਵਿੱਚ ਕਲਮਾਂ ਫੜੀਆਂ ਨੀਂ

ਇਹਨਾਂ ਨੇ ਚੁੱਲ੍ਹੇ ਡਾਹੁਣੇ ਨੇ, ਇਹਨਾਂ ਨੇ ਘਰ ਵਸਾਉਣੇ ਨੇ

ਇਹ ਗੁੱਡੀਆਂ ਆਪ ਤਾਂ ਪੜ੍ਹੀਆਂ ਨੀਂ, ਇਹਨਾਂ ਨੇ ਪੁੱਤ ਪੜ੍ਹਾਉਣੇ ਨੇ

ਦਿਲਾਂ ਦੇ ਦਰਦ ਪਛਾਣਦੀਆਂ, ਧੀਆਂ ਬਿਨ ਕਿੱਥੇ ਸਰਦਾ ਹੈ

ਕੁੜੀਆਂ ਕੇਸ ਵਾਹੁੰਦੀਆਂ ਨੇ, ਸੂਰਜ ਧੁੱਪਾਂ ਕਰਦਾ ਹੈ

📝 ਸੋਧ ਲਈ ਭੇਜੋ