ਫੁੱਲਾਂ ਦੀ ਖਿਲਖਿਲਾਹਟ ਭਰੀ ਖ਼ੁਸ਼ਬੂ,

ਅਲੌਕਿਕ ਰੰਗ ਬਿਖ਼ੇਰਦੀ ਮੁਸਕਾਨ!

ਹਰੇ ਭਰੇ ਪੱਤਿਆਂ ਨੂੰ,

ਹਵਾ ਦੀ ਬਖਸ਼ੀ ਹੋਈ,

ਮਿੱਠੀ, ਨਿੱਘੀ, ਸ਼ੀਤਲ ਤੇ,

ਸੰਗੀਤਮਈ ਸਰਸਰਾਹਟ !

ਦੂਰ ! ਹਰਿਆਲੀ ਸਰਬੇਜ਼ ਪਰਬਤਾਂ ਚੋਂ,

ਝਾਤੀਆਂ ਮਾਰਦੇ,

ਸੂਰਜ ਦੀਆਂ ਸਤਰੰਗੀ ਕਿਰਨਾਂ ਨਾਲ,

ਇਕਮਿਕ ਹੋ ਪੀਘਾਂ ਸਿਰਜਦੇ,

ਚਾਂਦੀਨੁਮਾ ਸਫ਼ੇਦ ਪਾਣੀਆਂ ਦੀ,

ਛਰਛਰਾਹਟ !

ਵੰਨ ਸਵੰਨੇ ਰੰਗਾਂ ਨਾਲ ਸੰਵਰੇ,

ਪੰਛੀਆਂ ਦੇ ਝੁਰਮਟ,

ਤੇ ਮਿੱਠੀਆਂ ਤੇ ਮਨਭਾਉਂਦੀਆਂ ਬੋਲੀਆਂ!

ਅੱਲੜ ਮੁਟਿਆਰਾਂ ਦੀਆਂ ਬੇਫਿਕਰ,

ਤੇ ਬੇਬਾਕ, ਮਸਤ ਗੱਪਾਂ!

ਤੇ ਆਪਿਉਂ ਬਾਹਰ,

ਨਿਧੜਕ ਤੇ ਜੋਬਨ ਮਤੀਆਂ ਟੋਰਾਂ!

ਗਰਮੀਆਂ ਦੀਆਂ ਤਪਦੀਆਂ ਧੁੱਪਾਂ !

ਪਿੰਡ ਦੀਆਂ ਗਲੀਆਂ ’ਚ ਉਡਦੀਆਂ ਧੂੜਾਂ !

ਤੇ ਇਸ ਸਭ ਤੋਂ ਬੇਖ਼ਬਰ ਖੇਡਦੇ !

ਅਲਮਸਤ ਬੱਚੇ!

ਸਰਦੀਆਂ ਦਾ ਮੌਸਮ ਤੇ,

ਵਿਹੜੇ ਨੂੰ ਚਾਰ ਚੰਨ ਲਗਾਉਂਦੀਆਂ,

ਮਿੱਠੀਆਂ ਤੇ ਨਿੱਘੀਆਂ ਧੁੱਪਾਂ!

ਬਗੀਚੀ ਵਿੱਚ ਮੁਸਕਰਾਹਟਾਂ ਬਿਖ਼ੇਰਦੇ ,

ਗੁਲਦੁਪਹਿਰੀ ਦੇ ਰੰਗ ਬਰੰਗੇ ਫੁੱਲ!

ਸ਼ਾਮਾਂ ਨੂੰ ਘਰਾਂ ਦੀਆਂ ਤਾਕੀਆਂ ’ਚ,

ਟਿਮਟਮਾਉਂਦੇ ਚਿਰਾਗ਼ !

ਜਿਵੇਂ ਬਰੰਹੇ ਰੰਗ ਰੱਤੇ !

ਚਿਰ ਵਿਛੜੇ ਮਹਿਬੂਬ ਦੀ!

ਨਾਮੁਕਦੀ ਉਡੀਕ ਦੇ !

ਅਣਬੁੱਝ ਸੁਨੇਹੜੇ ਬਣ ਬੈਠੇ ਹੋਣ!

ਬਨੇਰੇ ਖੜੀ, ਕਿਸੇ ਸੁਖ ਸੁਹਾਗਨ ਦੀਆਂ,

ਵਿਆਕੁਲ ਤੇ ਬੇਚੈਨ ਅਦਾਵਾਂ !

ਜਿਵੇਂ ਅਗਲੇਰੀ ਕਾਲ਼ੀ ਬੋਲ਼ੀ,

ਲੰਬੇਰੀ, ਰਾਤ ਦੇ!

ਨਾ ਮੁਕਦੇ ਵਿਛੋੜੇ ਨੂੰ !

ਦ੍ਰਿਸ਼ਟੀਮਾਨ ਕਰ ਰਹੀਆਂ ਹੋਣ!

ਸਾਵਨ ਮਹੀਨੇ ਛਾਈਆਂ,

ਘਨਘੋਰ ਘਟਾਵਾਂ,

ਕਾਲੇ ਘਣੇ ਬਦਲਾਂ ਦੀ ਗੜਗੜਾਹਟ,

ਬਿਜਲੀਆਂ ਦੀਆਂ ਧਰਤ ਛੋਹੰਦੀਆਂ ਚਮਕਾਰਾਂ!

ਛਮਛਮ ਵਰਦੀਆਂ ਬਾਰਸ਼ਾਂ,

ਲੰਬੀਆਂ ਲੰਬੀਆਂ ਝੜੀਆਂ,

ਸਭ ਥਾਈਂ ਹੋਈ ,

ਜਲਥਲ ਜਲਥਲ!

ਰੱਬੀ ਰੰਗਾਂ ’ਚ ਰੱਤੇ !

ਮਸਤ ਬਾਲ ਨਿਆਣੇ!

ਤੇ ਗਲੀਆਂ ਦੇ ਪਾਣੀਆਂ ’ਚ,

ਛੜਪ ਛੜਪ ਖੇਡਾਂ!

ਘਰ ਗ੍ਰਹਿਸਥ ਨੂੰ ਮਾਣਨ ਵਾਲੀਆਂ,

ਸੁਆਣੀਆਂ ਦੇ ਕੋਮਲ ਹੱਥੀਂ ਬਣੇ,

ਗਰਮ ਮਾਲ ਪੂੜੇ!

ਤੇ ਗਰਮ ਗਰਮ ਚਾਹ ਦੀਆਂ ਚੁਸਕੀਆਂ!

ਜਿਵੇਂ ਪਰਵਾਰਿਕ ਸੁੱਖਾਂ ਨੂੰ,

ਵਿਸਮਾਦਿਕ ਕਰ ਰਹੀਆਂ ਹੋਣ!

ਤੇ ਸਾਵਨ ਦੀ ਛਹਬਰ ਨੂੰ,

‘‘ਜੀ ਆਇਆਂ’’ ਕਹਿ ਰਹੀਆਂ ਹੋਣ!

ਪਿੰਡੋਂ ਬਾਹਰ, ਹਰਿਆਵਲ ਨਹਾਏ ਖੇਤ!

ਔਹ! ਖੂਬਸੂਰਤੀ ਦਾ ਰੰਗਲਾ ਯਾਰ,

ਅਨੂਠੀ ਮੇਘ ਮਸਤੀ ’ਚ ਰਮਿਆ,

ਮੰਤਰਮੁਗਧ ਪੈਲਾਂ ਪਾਉਂਦਾ!

ਨੱਚਦਾ ਮੋਰ !

ਤੇ ਮਹਿਬੂਬ ਮੋਰਨੀ ਦਾ ਦਿਲਕਸ਼ !

ਚੁਗਿਰਦੀ ਪਹਿਰਾ!

ਜਿਵੇਂ ਕਿਤੇ, ਸਮੇਂ ਨੂੰ ਬੰਨ੍ਹ ਛੱਡਿਆ ਹੋਵੇ!

ਤੇ ਬਾਬੇ ਨਾਨਕ ਦੇ ਇਹ ਪਾਵਨ ਬੋਲ,

ਆਪ ਮੁਹਾਰੇ, ਸੰਗੀਤਨੁਮਾ ਹੋ ਜਾਵਣ!

‘‘ਮੋਰੀ ਰੁਣ ਝੁਣ ਲਾਇਆ,

ਭੈਣੇ ਸਾਵਣੁ ਆਇਆ’’

ਅੰਬਾਂ ਦੇ ਬਾਗਾਂ ਵਿੱਚ ਕੋਇਲ,

ਮੇਘਮਲਹਾਰੀ ਧੁੰਨ ਛੇੜੀ,

ਮਸਤ ਕੂ ਕੂ ਦੀ,

ਸੁਰੀਲੀ!

ਬਿਰਹੜੀ!

ਤੇ ਦਿਲ ਟੁੰਬਵੀਂ

ਅਵਾਜ਼ ਵਿੱਚ!

ਠੰਡੀ ਛਹਿਬਰ ਨੂੰ, ਜਿਵੇਂ,

ਹੋਰ ਵਰ੍ਹਨ ਲਈ, ਕਹਿ ਰਹੀ ਹੋਵੇ!

ਪੀਘਾਂ ਝੂਟਦੀਆਂ ਤੇ ਗਿੱਧੇ ਪਾਉਂਦੀਆਂ,

ਪਿੰਡ ਦੀਆਂ ਅੱਲੜ ਮੁਟਿਆਰਾਂ ਨੇ ,

ਹੁਲਾਸ, ਉਤਸਵ ਤੇ ਅਣਥੱਕ ਖੁਸ਼ੀਆਂ ਨੂੰ,

ਆਪਣੇ ਸੁਪਨਿਆਂ ਦੇ ਰਾਜਕੁਮਾਰਾਂ ਲਈ,

ਇਵੇਂ ਰੂਪਮਾਨ ਕਰ ਛੱਡਿਆ ਹੋਵੇ!

‘‘ਅੱਲੜ ਕੁੜੀਆਂ ਗਿੱਧੇ ਪਾਵਣ

ਝੂਟਣ ਪੀਘਾਂ ਸ਼ੋਰ ਮਚਾਵਣ

ਧਰਤੀ ਹਿੱਕ ਹਰਿਆਲੀ ਹੋਈਐ

ਮੋਰਾਂ ਰੁਣਝੁਣ ਲਾਈ ਹੋਈਐ

ਛੇੜ ਮਿੱਠੀ ਜਿਹੀ ਧੁੰਨ ਤੂੰ ਵੀ, ਕੋਈ

ਦਿਲ ਚੀਰਦੀ ਹੇਕ ਤੇ ਲਾ

ਤੂੰ ਮੇਰੇ ਪ੍ਰੀਤਮ ਘਰੀਂ ਤੇ ਆ.......!!!’’

ਗੁਰਬਾਣੀ ਦੀ ਠੰਡੀ ਫ਼ੁਹਾਰ ਫਿਰ ਬਰਸੀ ਹੈ!

‘‘ਰੰਗ ਸਭੇ ਨਾਰਾਇਣੈ ਜੇਤੇ ਮਨ ਭਾਵੰਨਿ’’

ਅਤੇ

‘‘ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰ ਜਾਹਿ

ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ’’

ਰੰਗਾਂ ਲੱਧੀ ਰੁੱਤ, ਬਹਾਰ ਦੇ ਬਾਅਦ,

ਪਤਝੜ ਦੀ ਆਮਦ ਸੁਭਾਵਕ ਹੈ!

ਵਿਛੋੜੇ!

ਬਿਰਹੇ !

ਤੇ ਬੈਰਾਗ ਦੀ ਰੁੱਤ! ਪਤਝੜ!

‘‘ਬਿਰਹਾ ਬਿਰਹਾ ਆਖੀਐ

ਬਿਰਹਾ ਤੂ ਸੁਲਤਾਨੁ, ਫਰੀਦਾ

ਜਿਤ ਤਨਿ ਬਿਰਹੁ ਉਪਜੈ

ਸੋ ਤਨੁ ਜਾਣੁ ਮਸਾਨੁ’’

ਖਿਜਾਂ ਦੀ ਦਸਤਕ!

ਜੋਬਨ ਰੁੱਤ ਦੀ ਵਿਦਾਇਗੀ!

ਤੇ ਬੁਢਾਪੇ ਦੀ ਆਮਦ ਦਾ!

ਖ਼ੁਦਾਈ ਸੱਚ!

ਧੁਰ ਕੀ ਬਾਣੀ ਦੀਆਂ ਇਹ ਪੰਕਤੀਆਂ ,

ਫਿਰ ਲਰਜੀਆਂ !

‘‘ਧਨੁ ਜੋਬਨੁ ਅਰੁ ਫੁਲੜਾ

ਨਾਠੀਅੜੇ ਦਿਨ ਚਾਰਿ

ਪਬਣਿ ਕੇਰੇ ਪਤ ਜਿਉ

ਢਲਿ ਢੁਲਿ ਜੁੰਮਣਹਾਰ’’

ਕਿੰਨੀ ਸੁੰਦਰ! ਤੇ ਸੱਚੀ! ਤਸਵੀਰ ਹੈ ਇਹ!

ਕਿ ਦੌਲਤ!

ਜਵਾਨੀ !

ਤੇ ਫੁੱਲ !

ਸਦੀਵੀ ਨਹੀਂ ਹੁੰਦੇ!

ਬੱਸ ਕੁਝ ਦਿਨਾਂ ਦੇ ,

ਮਹਿਮਾਨ ਹੀ, ਹੋਇਆ ਕਰਦੇ ਨੇ!

ਸੋਹਣੇ ਬਾਂਕੇ! ਜੋਬਨਮੱਤੇ!

ਹਰੇ ਭਰੇ ਫੁੱਲ, ਪੱਤੇ!

ਜੋ ਕਦੇ ਵੱਡੇ ਵੱਡੇ, ਸਰੂ ਜਿਹੇ ਸ਼ੋਭਨੀਕ!

ਤੇ ਦਰਸ਼ਨੀ ਰੁੱਖਾਂ ਤੇ ,

ਹੀਰੇ ਮੋਤੀਆਂ ਨਿਆਈ ਜੜੇ ਸਨ !

ਅੱਜ ਪੀਲੇ ਸੁੱਕੇ ਹੋਏ!

ਭੁੰਜੇ ਢੱਠੇ !

ਜਿਵੇਂ, ਰੋ ਰੋ ਕਿ, ਦੁਹਾਈਆਂ ਦੇ ਰਹੇ ਹੋਣ!

ਕਿ ਔਹ ! ਸਾਡੇ ਉਪਰੋਂ ਲੰਘਣ ਵਾਲਿਓ!

ਸਾਨੂੰ ਮਿੱਧੋ, ਲਤਾੜੋ !

ਐਪਰ ਜ਼ਰਾ ਸਲੀਕੇ ਨਾਲ!

ਭੁੱਲ ਗਏ ਹੋ?

ਸਿਖਰ ਤਪਦੀਆਂ ਧੁੱਪਾਂ ਵਿੱਚ!

ਤੁਸਾਂ ਸਾਡੀਆਂ ਠੰਡੀਆਂ ਤੇ ਮਿੱਠੀਆਂ ਛਾਵਾਂ ਨੂੰ,

ਮਾਣਿਆ ਸੀ ਕਦੇ!

‘‘ਭਖਦਿਆਂ ਹੁਸਨਾਂ ਦੇ ਸਾਰੇ ਭੌਰ ਨੇ,

ਧੌਲਿਆਂ ਦਾ ਨਾ ਕੋਈ ਮਿੱਤਰ, ਨਾ ਯਾਰ

ਹਨ ਜਨਾਜ਼ੇ ਦੀ ਦੁਆ ਵਿੱਚ, ਤਿੰਨ ਸ਼ਰੀਕ

ਯਾ ‘ਆਵਾਰਾ’ ਯਾ ਮਾਲੀ ਯਾ ਚਨਾਰ’’

ਇਹ ਮਿੱਟੀ ਪਏ !

ਸੁੱਕੇ ਪੀਲੇ ਪੱਤੇ!

ਹਵਾ ਦੇ ਹਰ ਬੁੱਲੇ ਨਾਲ ,

ਇੱਧਰੋਂ ਉੱਧਰ ਰੁਲਦੇ!

ਧਰਤੀ ਦੀ ਹਿੱਕ ਨਾਲ ,

ਸਦੀਵੀ ਸਾਂਝ ਪਾਈ ਬੈਠੇ!

ਮੁੜ ਮਿੱਟੀ ਹੋ ਜਾਣਗੇ!

ਕਿਉਂਕਿ, ਕਾਹਦਾ ਮਾਣ!

ਜਦ ਕਾਦਿਰ ਦੇ ਨਿਜ਼ਾਮ ਵਿੱਚ!

ਕੁੱਝ ਵੀ, ਸਥਾਈ ਨਹੀਂ ਹੁੰਦਾ!

ਜੀਵਨ ਵੀ ਇਕ !

ਨਿਰੰਤਰ ਬਦਲਦਾ, ਮੌਸਮ ਹੈ!

ਹਰ ਮੌਸਮ ਦੀ ਆਮਦ ,

ਉਸ ਸੱਚੇ ਰੱਬ ਦੀ ਅਮੋਲਕ ਬਖਸ਼ਿਸ਼ ਹੈ!

ਸੁਨੇਹਾ ਹੈ!

ਬਿਜਲੀ ਦੀ ਤਰੰਗਨੁਮਾ,

ਜੁੰਬਿਸ਼ ਹੈ!

ਕੁਦਰਤ ਦੀਆਂ ਅਸੀਮ ਨਿਆਮਤਾਂ !

ਬਰਕਤਾਂ!

ਦਾਤਾਂ !

ਅਣਗਿਣਤ ਹਨ!

ਬਸ ਲੋੜ ਹੈ ,

ਇਨ੍ਹਾਂ ਮਾਣੀਆਂ ਹੰਢਾਈਆਂ,

ਦੁਰਲੱਭ ਦਾਤਾਂ ਦਾ ,

ਜਿੰਨ੍ਹਾ ਦਾ, ਕੋਈ ਭੀ ਮੁੱਲ ਨਹੀਂ ਤਾਰਿਆ!

ਜ਼ਰਾ ਕੁ ਜਿੰਨਾ,

ਅਹਿਸਾਸ ਹੋ ਜਾਏ!

ਇਹ ਅਹਿਸਾਸ ਹੀ ਮਾਲਕ ਦੀ,

ਬੰਦਗੀ ਹੈ!

ਚਾਕਰੀ ਹੈ!

ਗੁਰੂ ਬਾਬੇ ਦੇ ਬਾਣੀ ਦੇ ਸੰਗੀਤਮਈ ਬੋਲ, 

ਭਾਈ ਮਰਦਾਨੇ ਦੀਆਂ 

ਰਬਾਬੀ ਸੁਰਾਂ ਨਾਲ ਸਰਬੇਜ਼! 

ਫੇਰ ਸੰਗੀਤਮਈ ਹੋਏ ਨੇ!

‘‘ਬਲਿਹਾਰੀ ਕੁਦਰਤਿ ਵਸਿਆ

ਤੇਰਾ ਅੰਤੁ ਜਾਈ ਲਖਿਆ’’

ਹੇ ਪ੍ਰਭੂ!

ਮੈਂ ਤੈਥੋਂ ਸਦ ਸਦ ਬਲਹਾਰ ਜਾਵਾਂ!

ਤੂੰ! ਆਪਣੀ ਹੀ ਰਚੀ ਹੋਈ,

ਕੁਦਰਤ ਦੇ ਅਨੇਕ ਰੰਗਾਂ ਵਿੱਚ ,

ਖ਼ੁਦ ਹੀ ਵਿਦਮਾਨ ਹੈਂ!

ਇਹੀ ਅਹਿਸਾਸ !

ਇਹੀ ਖ਼ਿਆਲ !

ਇਹੀ ਸੋਚ!

ਜਾਂ ਇਹੀ ਫੁਰਨਾ!

ਉਸ ਬੇਪਰਵਾਰ ਵਾਹਿਗੁਰੂ ਦਾ ਸੱਚਾ ਸਿਮਰਨ ਹੈ!

📝 ਸੋਧ ਲਈ ਭੇਜੋ