ਸੁਣ ਕਾਦਰਾ ਤੇਰੀ ਕੁਦਰਤ ਦੇ ਰੰਗ ਨਿਰਾਲੇ ਨੇ।
ਕਦੇ ਛਾਵੇਂ ਤੱਤੀ ਹਵਾ, ਕਦੇ ਧੁੱਪ ਵਿੱਚ ਪਾਲ਼ੇ ਨੇ।
ਪਹਿਲਾਂ ਪੀਲੇ ਕਰ ਪੱਤੇ, ਤੂੰ ਸਾਰੇ ਝਾੜ ਦਿੱਤੇ।
ਹੁਣ ਕੂਲ਼ੀਆਂ ਕਰੂੰਬਲ਼ੀਆਂ ਲਾਲ, ਤੇ ਹਰੇ ਵੀ ਬਾਹਲ਼ੇ ਨੇ।
ਤੂੰ ਆਪ ਹੀ ਪਾਲ਼ ਕੇ, ਤੇ ਆਪੇ ਤੋੜ ਦਿੰਦਾ
ਫਿਰ ਝੱਟ ਨਵੇਂ ਉਗਾ ਦੇਂਦਾ, ਤੈਨੂੰ ਕਾਹਦੇ ਕਾਹਲ਼ੇ ਨੇ।
ਕੋਈ ਰੁੱਖ ਨੂੰ ਵੱਢ ਦੇਵੇ, ਤੂੰ ਗੁੱਸੇ ਹੋ ਜਾਂਦਾ।
ਕਈ ਜੜ੍ਹਾਂ ਤੋਂ ਪੁੱਟ ਦੇਂਦਾ, ਕਈ ਰੂੜੀਆਂ ਪਾਲ਼ੇ ਨੇ।
ਕਿੰਨੀ ਉਮਰ ਦਾ ਰੁੱਖ ਹੋਵੇ, ਤੂੰ ਲੱਕੜੀਂ ਲੀਕਾਂ ਪਾ ਦੇਂਦਾ
ਕੱਟੇ ਰੁੱਖ ਤੋਂ ਪਤਾ ਲੱਗੇ, ਕਿੰਨੇ ਸਾਲ ਇਨਸਾਨ ਪਾਲ਼ੇ ਨੇ।
ਇੰਝ ਹੀ ਇਨਸਾਨ ਦੇ ਚੱਕਰ ਨੇ, ਕਈ ਬੁੱਢੇ ਹੋ ਮਰਦੇ।
ਨਵੇਂ ਜੰਮ ਪੈਂਦੇ ਲੋਕੋ ਤੇ ਬਣਦੇ ਅਕਲਾਂ ਵਾਲ਼ੇ ਨੇ।
ਹੈਰਾਨੀ ਦੀ ਗੱਲ ਨਹੀਂ, ਸਾਰੀ ਕੁਦਰਤ ਇੰਝ ਚੱਲਦੀ।
ਕੁਦਰਤ ਦੇ ਪਾਲ਼ਿਆ ਵੇ, ਕਾਹਤੋਂ ਮਹਿਲ ਬਣਾ ਲਏ ਨੇ।
ਤੁਰ ਜਾਣਾ ਵਾਂਗ ਪੱਤਿਆਂ, ਫਿਰ ਨਵਿਆਂ ਉੱਗ ਪੈਣਾ
ਕਾਦਰ ਦੀ ਕੁਦਰਤ ਦੇ, ਲੋਕੋ ਰੰਗ ਨਿਰਾਲੇ ਨੇ।
ਤੂੰ ਮੈਂ ਨੂੰ ਛੱਡ ਬੰਦੇ, ਉਸ ਦੇ ਨੇ ਸਭ ਧੰਦੇ।
ਵਿੱਚ ਰਜ਼ਾ ਦੇ ਸਰਬ ਇੱਕ ਦਿਨ, ਪਾਉਣੇ ਇਥੋਂ ਚਾਲੇ ਨੇ।