ਸਭ ਦੀਵੇ ਅਧੂਰੇ ਨੇ, ਕੁਦਰਤ ਤੇਰੇ ਚਾਨਣਾਂ ਅੱਗੇ।
ਮੁੱਕਾ ਤੇਲ ਤੇ ਹਾਰ ਮੰਨੇ, ਤੇਰੇ ਹਨ੍ਹੇਰਿਆਂ ਅੱਗੇ।
ਸੱਭੇ ਗਾਉਣ ਅਧੂਰੇ ਨੇ, ਤੇਰੀ ਇੱਕ ਕੋਇਲ ਅੱਗੇ
ਸੰਗੀਤ ਅਧੂਰੇ ਵੱਜਦੇ, ਤੇਰੀ ਕੁਦਰਤ ਧੁੰਨ ਅੱਗੇ।
ਸਭ ਚਿੱਤਰ ਅਧੂਰੇ ਨੇ, ਤੇਰੀ ਚਿੱਤਰਕਾਰੀ ਅੱਗੇ
ਤ੍ਰੇਲ਼ਾਂ ਸ਼ੀਤਲ ਜਲ ਪੀਕੇ, ਫੁੱਲ ਹਾਮੀ ਭਰਨ ਲੱਗੇ।
ਗਤੀ ਨਾਪ ਨਾ ਸਕੇ, ਨਾਪਣ ਸਾਇੰਸਦਾਨ ਲੱਗੇ
ਮਾਪਣ ਗਏ ਪੱਛੋਤਾਏ, ਆਖਣ ਅੜਚਨਾਂ ਅੱਗੇ।
ਜਿਸ ’ਤੇ ਤੈਨੂੰ ਛਾਪ ਲੈਣ, ਕਾਗਜ਼ ਨਹੀਂ ਬਣਾ ਸਕੇ।
ਲਿਖ ਦੇਣ ਜਿਸਦੇ ਨਾਲ਼, ਕਲਮਾਂ ਘੜ੍ਹ ਨਹੀਂ ਸਕੇ।
ਨਾ ਲਿਖਣਹਾਰ ਜੰਮਿਆ, ਜੋ ਤੈਨੂੰ ਪੂਰੇ ਲਿਖ ਸਕੇ।
ਵਿਚਾਰਨਾ ਚਾਹੁੰਦੇ ਨਹੀਂ, ਤਾਂ ਭਰਮਾਂ ਪਾਲ਼ਦੇ ਅੱਕੇ।
ਸਾਰੀਆਂ ਥੋਥੀਆਂ ਗੱਲਾਂ ਨੇ, ਅਸੀਂ ਕਰਨ ਜੋ ਲੱਗੇ।
ਜੀਵਨ ਹੀ ਮਿਟ ਜਾਂਦਾ, ਮੌਤ ਜੇ ਆ ਜਾਵੇ ਅੱਗੇ।
ਤੂੰ ਹਰ ਅੰਦਰ ਵੱਸਦਾ, ਸਭ ਤੈਨੂੰ ਬਾਹਰ ਲੱਭਣ ਭੱਜੇ।
ਅਸਲੀ ਠੱਗ ਉਹ ਜਾਣੀਂ, ਜਿਹੜਾ ਤੈਨੂੰ ਜਾਣ ਕੇ ਠੱਗੇ।
ਸਭ ਭਗਤ ਅਧੂਰੇ ਨੇ, ਭਗਤੀ ਤੇਰੀ ਕੂੰਜ ਦੀ ਅੱਗੇ।
ਸਰਬ ਸ਼ੁਕਰਾਨੇ ਕਰਦੀ ਹੈ, ਤੇਰੀ ਨਿਆਮਤਾਂ ਅੱਗੇ।