ਪਹੁ ਫੁਟਣ ਦਾ ਵੇਲਾ ਵੇਖਾਂ,
ਕੁਦਰਤ ਦੀ ਕਰਾਮਾਤ ਜਿਹੀ।
ਭਿੰਨੀ –ਭਿੰਨੀ ਖੁਸ਼ਬੂ ਵੱਗੇ,
ਲੱਗੇ ਇਹ ਸੌਗਾਤ ਜਿਹੀ।
ਸੂਰਜ ਛੱਡੇ ਅੰਬਰੀ ਲਾਲੀ,
ਸੋਨੇ ਰੰਗੀ ਝਾਤ ਜਿਹੀ।
ਟਿਮਟਿਮਾਉਦੇਂ ਤਾਰੇ ਨੱਚਣ,
ਤ੍ਰੇਲ ਪਾਉਂਦੀ ਸੀ ਬਾਤ ਜਿਹੀ।
ਧੁੰਦ ਚੁਫੇਰੇ ਬੁੱਕਲ ਮਾਰੀ,
ਨਿੱਘੀ ਲੱਗੇ ਲਾਟ ਜਿਹੀ।
ਪੰਛੀਂ ਮਿੱਠੇ ਗੀਤ ਸੁਣਾਵਣ,
ਕੰਨੀ ਦੇਣ ਧਰਵਾਸ ਜਿਹੀ।
ਆਲ੍ਹਣੇ ਬੋਟ ਕਲੋਲਾਂ ਕਰਦੇ,
ਝਾਂਜਰ ਦੀ ਛਨਕਾਟ ਜਿਹੀ।
ਅੰਬਰੀ ਪੰਛੀਂ ਡਾਰ ਬਣਾਉਦੇ,
ਲੱਗੇ ਜਿੰਦ ਉਡਾਰ ਜਿਹੀ ।
ਸ਼ਾਂ ਸ਼ਾਂ ਕਰਦੇ ਪਾਣੀ ਵਗਦੇ,
ਦਿੰਦੇ ਸੁਰ ਰਬਾਬ ਜਿਹੀ।
ਰੁੱਖ ਦੇਖੇ ਮੈਂ ਸੀਨਾ ਤਾਣੀ,
ਦੇਵਣ ਹਿੰਮਤ ਧਾਤ ਜਿਹੀ।
ਹਰਿਆਲੀ ਖੇਤਾਂ ਵਿੱਚ ਲੱਗੇ,
ਚਾਦਰ ਕਿਸੇ ਮਜਾਰ ਜਿਹੀ।
ਪਹੁ ਫੁਟਣ ਦਾ ਵੇਲਾ 'ਸੁੱਖੇ',
ਕੁਦਰਤ ਦੀ ਕਰਾਮਾਤ ਜਿਹੀ।