ਕੁਦਰਤ ਆਈ ਤੇ ਆਈ ਜਦ,
ਪੱਤਿਆਂ ’ਚੋਂ ਸੁਰ ਕੱਢ ਦੇਣੇ ਨੇ।
ਪਾਣੀ ਲਹਿਰਾਂ, ਰਲ਼ ਨਾਲ਼ ਬੱਦਲ਼ਾਂ ਦੇ,
ਫਿਰ ਆਪ ਵਜਾਉਣੇ ਛੈਣੇ ਨੇ।
ਕਦੇ ਵਜਾਉਣੇ ਅਵਾਜ਼ ਪਪੀਹੇ,
ਕਦੇ ਕੋਇਲਾਂ ਦੀਆਂ ਕੂੰ-ਕੂੰ ’ਚੋਂ।
ਚਿੜੀਆਂ, ਕਾਂਵਾਂ, ਪਸ਼ੂਆਂ ’ਚੋਂ,
ਕਦੇ ਹਾਥੀਆਂ ’ਚੋਂ, ਕਦੇ ਗਿੱਦੜਾਂ ’ਚੋਂ।
ਕਦੇ ਸ਼ੇਰਾਂ ਦੀਆਂ ਦਹਾੜਾਂ ’ਚੋਂ,
ਕਦੇ ਖੱਡਾਂ ਕਦੇ ਪਹਾੜਾਂ ’ਚੋਂ।
ਕੁਦਰਤ ਨੇ ਸੁਰ ਕੱਢ ਦੇਣੇ ਨੇ,
ਕਦੇ ਜੰਗਲ਼ਾਂ ਤੇ ਕਦੇ ਬੇਲਿਆਂ ’ਚੋਂ।
ਕਦੇ ਬੱਕਰੀਆਂ ਕਦੇ ਲੇਲਿਆਂ ’ਚੋਂ,
ਕਦੇ ਕੁੱਕੜਾਂ ਤੇ ਕਦੇ ਮੋਰਾਂ ’ਚੋਂ।
ਕਦੇ ਕੂੰਜਾਂ ਕਦੇ ਚਕੋਰਾਂ ’ਚੋਂ।
ਕਦੇ ਵਗਦੀਆਂ ਤੇਜ਼ ਹਵਾਵਾਂ ’ਚੋਂ,
ਕਦੇ ਮੱਝੀਆਂ ’ਚੋਂ, ਕਦੇ ਗਾਂਵਾਂ ’ਚੋਂ।
ਕੁਦਰਤ ਨੇ ਸੁਰ ਕੱਢ ਦੇਣੇ ਨੇ,
ਕਦੇ ਮੀਂਹ ਦੀਆਂ ਕਣੀਆਂ ’ਚੋਂ।
ਪੱਛੋਂ ਪੁਰੇ ਵਗਾ ਕਦੇ,
ਤੇਜ ਹਵਾਵਾਂ ਜਣੀਆਂ ’ਚੋਂ।
ਹਰ ਜੀਅ ਦੀ ਮਾਂ ਦੀਆਂ ਲੋਰੀਆਂ ’ਚੋਂ,
ਉਸ ਨੇ ਸੁਰ ਕੱਢ ਦੇਣੇ ਨੇ।
ਤੈਥੋਂ ਉਸ ਦੇ ਵਰਗੇ ਨਹੀਂ ਵੱਜਣੇ,
ਜਿੰਨੇ ਮਰਜ਼ੀ ਕੱਢੀ ਜਾਂਦਾ ਏ।
ਕੁਦਰਤ ਦੀਆਂ ਨਿਸ਼ਾਨੀਆਂ ਜੋ,
ਦੋਹੀਂ ਹੱਥੀਂ ਵੱਢੀ ਜਾਂਦਾ ਏਂ।
ਕੱਟੇ ਰੁੱਖ ਚੱਜ ਵੇਖਦਾ ਜੇ,
ਤਣੇ ਉਮਰਾਂ ਦੀਆਂ ਲੀਕਾਂ ਨੇ।
ਸਬਰ-ਸ਼ੁਕਰ ਕਰ ਰੁੱਖੀ ਮਿੱਸੀ,
ਖਾ ਰੱਬ-ਰੱਬ ਕਰ ਲੈਣ ਦਿਓ।
ਸਰਬ ਦੇ ਰਾਗ ਨਾ ਛੇੜਿਓ,
ਚੀਕਾਂ ਵਿੱਚ ਚੀਕਾਂ ਨੇ।
ਪਿੱਪਲ਼-ਬੋਹੜ ਲਗਾ ਧਰਤੀ ’ਤੇ,
ਸੌਖੇ ਸਾਹ ਜੇ ਲੈਣੇ ਤੈਂ।
ਕੁਦਰਤ ਜਦ ਮਨ ਭਾਇਆ ਤੂੰ,
ਓਸ ਪੱਤਿਆਂ ਸੁਰ ਕੱਢ ਦੇਣੇ ਨੇ।
ਪਾਣੀ ਦੀਆਂ ਲਹਿਰਾਂ ਸੰਗ ਮਿਲ਼ ਕੇ,
ਫਿਰ ਆਪ ਵਜਾਉਣੇ ਛੈਣੇ ਨੇ।