ਮੇਰੇ ਸ਼ਗਿਰਦੋ! ਮੇਰੇ ਬੱਚਿਓ!

ਪਲ ਲਈ ਕਰ ਲਉ ਬੰਦ ਕਿਤਾਬਾਂ

ਨਾਲੇ ਭੇੜ ਦਿਓ ਆਹ ਬੂਹਾ

ਅੱਜ ਸੱਚ ਬੋਲਣ ਨੂੰ  ਦਿਲ ਕਰਦਾ ਹੈ

ਜਰਾ ਕੁ ਬੋਲ ਸਕਾਂ ਕੁੱਝ ਹੌਲੀ

ਝੀਥਾਂ 'ਚ ਗੱਲ ਬਾਹਰ ਸੁਣੇ ਨਾ

ਤੁਸੀਂ ਮੈਨੂੰ ਅਧਿਆਪਕ ਸੱਦਦੇ

ਜਿਸ ਦਾ ਮਤਲਬ ਗੁਰੂ ਹੈ ਹੁੰਦਾ

ਪਰ ਇਹ ਇਕ ਰਵਾਇਤੀ ਨਾਂ ਹੈ

ਇਹ ਮੇਰੀ ਅਸਲੀਅਤ ਨਹੀਂ ਹੈ

ਮੈਂ ਤਾਂ ਇਕ ਸਰਕਾਰੀ ਧੂਤੂ

ਚਾਰ ਸੋ ਸੋਲ੍ਹਾਂ ਜਿਸ ਦੀ ਕੀਮਤ

ਬਿਨਾਂ ਬੋਲੀਓਂ ਵਿਕਿਆ ਹੋਇਆ

ਤੇ ਮੇਰੇ 'ਚ ਕੋਈ ਦਿੱਲੀ ਬੈਠਾ

ਮਨ ਮਰਜ਼ੀ ਦੀਆ ਫੂਕਾਂ ਮਾਰੇ

ਸੱਚ ਬੋਲਣ ਲਈ ਥੋਨੂੰ ਆਖਾਂ

ਖੁਦ ਦੀ ਸਿੱਖਿਆ ਸੱਚ ਨਹੀਂ ਹੈ

ਕਿ 'ਤੁਸੀਂ' ਆਜ਼ਾਦ ਦੇਸ਼ ਵਿਚ ਜੰਮੇ

ਜਾਂ ਫਿਰ 'ਇਥੇ ਲੋਕ ਰਾਜ ਹੈ'

ਜਾਂ ਫਿਰ ਕਿਸੇ 'ਬਾਪੂ' ਜਾਂ 'ਚਾਚੇ'

ਤੁਹਾਡੇ ਲਈ ਕੁਰਬਾਨੀ ਕੀਤੀ

ਜਾਂ ਫਿਰ ਤੁਹਾਨੂੰ ਮੌਲਕ ਹੱਕ ਨੇ'

ਜਾਂ ਫਿਰ 'ਅਸੀਂ ਸ਼ਾਂਤੀ ਚਾਹੁੰਦੇ'

ਇਹ ਹਨ ਕੁੱਝ ਅਜਿਹੀਆਂ ਗੱਲਾਂ

ਜੋ ਮੈਂ ਰੋਟੀ ਰੋਜ਼ੀ ਖਾਤਰ

ਨਾ ਚਾਹੁੰਦੇ ਵੀ ਕਹਿ ਦੇਂਦਾ ਹਾਂ

ਪਰ ਜੇ ਹੱਕ ਸੱਚ ਦੀ ਖਾਤਰ

ਚੋਰ ਬਜ਼ਾਰੀ ਤੋਂ ਤੰਗ ਆਕੇ

ਮੌਲਕ ਹੱਕਾਂ ਦੇ ਨਾਂ ਥੱਲੇ

ਕਦੇ ਸ਼ਹਿਰ ਵਿਚ ਰੋਸ ਕਰੋਗੇ

ਤੇ ਫਿਰ 'ਲੋਕਰਾਜ' ਦੀ ਗੋਲੀ

ਤੁਹਾਡੀ ਛਾਤੀ 'ਚੋਂ ਗੁਜ਼ਰੇਗੀ

ਤੇ ਫਿਰ ਉਸੇ 'ਬਾਪੂ' ਦੇ ਬੱਚੇ

ਤੁਹਾਡੀ ਅੱਧ-ਝੁਲਸੀ ਜਿਹੀ ਦੇਹ ਨੂੰ 

ਸਤਲੁਜ ਦੇ ਵਿੱਚ ਤਾਰ ਦੇਣਗੇ

ਫਿਰ ਮੇਰੀ ਸਿੱਖਿਆ ਦਾ ਪਰਦਾ

ਆਪਣੇ ਆਪ ਹੀ ਫਾਸ਼ ਹੋਏਗਾ

ਫਿਰ ਤੁਹਾਡੀ ਨਿਰਦੋਸ਼ ਆਤਮਾ

(ਜੇ ਆਤਮਾ ਕੋਈ ਸ਼ੈਅ ਹੈ)

ਮੈਨੂੰ ਲੱਖ ਦੁਰਸੀਸ ਦੇਵੇਗੀ

ਫਿਰ ਤੇ ਗੁਰੂ ਤੇ ਸਿੱਖ ਦੇ ਵਿਚਾਲਾ

ਰਿਸ਼ਤਾ ਵੀ ਬਦਨਾਮ ਹੋਵੇਗਾ

ਸੋ ਮੇਰੇ ਸ਼ਗਿਰਦੋ! ਮੇਰੇ ਬੱਚਿਓ!

ਜਾਂ ਤਾਂ ਮੈਨੂੰ ਗੁਰੂ ਨਾ ਕਹਿਣਾ

ਜਾਂ ਫਿਰ ਮੇਰੀ ਸਿੱਖਿਆ ਉੱਤੇ

ਸੱਚੇ ਦਿਲੋਂ ਯਕੀਨ ਨਾ ਕਰਨਾ

ਕਾਗਜ਼ੀਆਂ ਕੁਝ ਜਿੱਤਣ ਖਾਤਰ

ਮੇਰਾ ਕੂੜ ਸਵੀਕਾਰ ਕਰਨਾ

ਆਪਣੀ ਰੋਜ਼ੀ ਰੋਟੀ ਖਾਤਰ

ਮੈਂ ਤਾਂ ਕੁਫ਼ਰ ਤੋਲਦੇ ਰਹਿਣਾ

ਮੈਂ ਤਾਂ ਕੁਫ਼ਰ ਤੋਲਦੇ ਰਹਿਣਾ

📝 ਸੋਧ ਲਈ ਭੇਜੋ