ਤੂੰ ਹੀ ਦੱਸ ਕੁਝ ਦਿਲ ਦੀਵਾਨੇ।
ਇਹ ਹੰਝੂ ਹਨ ਜਾਂ ਅਫ਼ਸਾਨੇ।
ਖ਼ਾਲੀ-ਖ਼ਾਲੀ ਸ਼ੀਸ਼ੇ ਮੇਰੇ,
ਖ਼ਾਲੀ-ਖ਼ਾਲੀ ਸਭ ਪੈਮਾਨੇ।
ਸਭ ਇੱਕੋ ਵਰਗੇ ਲਗਦੇ ਹਨ,
ਕੀ ਆਪਣੇ ਤੇ ਕੀ ਬੇਗ਼ਾਨੇ।
ਇਹ ਤਾਂ ਮੇਰਾ ਸ਼ਹਿਰ ਹੈ ਇਸ ਵਿਚ
ਕੋਈ ਤਾਂ ਮੈਨੂੰ ਪਹਿਚਾਨੇ।
ਮੇਰੇ ਸਫ਼ਰ ਦੇ ਹਿੱਸੇ ਆਏ
ਕੁਝ ਗੁਲਸ਼ਨ ਤੇ ਕੁਝ ਵੀਰਾਨੇ।
ਕੀ ਪਹਿਚਾਨਾਂਗੇ ਦੁਨੀਆਂ ਨੂੰ,
ਅਸੀਂ ਹਾਂ ਖ਼ੁਦ ਤੋਂ ਹੀ ਬੇਗਾਨੇ।