ਕੁਝ ਕਹਿਰ ਸੌਂ ਗਿਆ ਹੈ, ਕੁਝ ਕਹਿਰ ਮਰ ਗਿਆ ਹੈ।
ਸਮਝੋ ਨਾ ਫਿਰ ਵੀ ਯਾਰੋ ਕਿ ਜ਼ਹਿਰ ਮਰ ਗਿਆ ਹੈ।
ਹੁਣ ਤੂੰ ਜਦੋਂ ਮੁੜੇਂਗਾ ਤੈਨੂੰ ਨਾ ਘਰ ਮਿਲੇਗਾ,
ਜੋ ਛੱਡ ਗਿਆ ਸੈਂ ਪਿੱਛੇ ਉਹ ਸ਼ਹਿਰ ਮਰ ਗਿਆ ਹੈ।
ਇਸ ਸ਼ਹਿਰ ਦੇ ਖ਼ੁਦਾ ਦਾ ਮੈਨੂੰ ਨਾ ਭੇਤ ਆਇਆ,
ਕਿਸ ਪਹਿਰ ਜੀਵਿਆ ਉਹ, ਕਿਸ ਪਹਿਰ ਮਰ ਗਿਆ ਹੈ।
ਕੁਝ ਬਹੁਤ ਪਿਆਰੇ ਫੁੱਲਾਂ ਦਾ ਬਾਪ ਸੀ ਜੋ,
ਛੱਡ ਕੇ ਉਹ ਆਪਣੇ ਪਿੱਛੇ ਦੋਪਹਿਰ ਮਰ ਗਿਆ ਹੈ।
ਜੋ ਸਾਗਰਾਂ ਦੀ ਹਿੱਕ ਤੇ ਤਰਦਾ ਸੀ ਫੁੱਲ ਬਣ ਕੇ,
ਅੱਜ ਹੋ ਕੇ ਪਾਣੀਆਂ ਦੀ ਇੱਕ ਲਹਿਰ ਮਰ ਗਿਆ ਹੈ।
'ਕੇਸ਼ੀ' ਨੂੰ ਇਹ ਗਿਲਾ ਹੈ, ਕਵਿਤਾ ਦਾ ਇਕ ਵਰੋਲਾ,
ਆਪਣੀ ਜ਼ਮੀਨ ਲੱਭਦਾ ਬਿਨ-ਬਹਿਰ ਮਰ ਗਿਆ ਹੈ।