ਕੁਝ ਕੁਝ ਤੇ ਸਰਕਾਰਾਂ ਚੰਨ ਚੜ੍ਹਾਏ ਨੇ

ਕੁਝ ਕੁਝ ਤੇ ਸਰਕਾਰਾਂ ਚੰਨ ਚੜ੍ਹਾਏ ਨੇ 

ਬਾਕੀ ਦੇ ਦਸਤਾਰਾਂ ਚੰਨ ਚੜ੍ਹਾਏ ਨੇ

ਸੋਚੋ ਤੇ ਸਹੀ ਇੰਜ ਭਲਾਂ ਚੰਨ ਚੜ੍ਹਦੇ ਨੇ

ਅੱਜ ਕੱਲ੍ਹ ਕਿੰਜ ਅਖਬਾਰਾਂ ਚੰਨ ਚੜ੍ਹਾਏ ਨੇ

ਚਾਰ ਚੁਫ਼ੇਰੇ ਓਹਨਾਂ ਦਾ ’ਨ੍ਹੇਰਾ

ਰਲ਼ ਕੇ ਜਿਹੜੇ ਯਾਰਾਂ ਚੰਨ ਚੜ੍ਹਾਏ ਨੇ

ਕਿੰਨੀ ਵਾਰੀ ਰਾਤਾਂ ਮਲ਼ ਕੇ ਮੂੰਹਾਂ 'ਤੇ

ਚਿੱਟੇ ਦਿਨ ਜ਼ਰਦਾਰਾਂ ਚੰਨ ਚੜ੍ਹਾਏ ਨੇ

ਚੋਰ ਤੇ ਚੋਰ ਨੇ ਉਹਨਾਂ ਦਾ ਕੀ ਕਰਨਾ ਜੇ 

ਜਿਹੜੇ ਪਹਿਰੇਦਾਰਾਂ ਚੰਨ ਚੜ੍ਹਾਏ ਨੇ

ਹੱਥੀਂ ਫਾਹੇ ਲਾ ਕੇ ਸਾਂਝ ਦੇ ਸੂਰਜ ਨੂੰ 

‘ਸੰਧੂ’ ਕਿੰਜ ਦੀਵਾਰਾਂ ਚੰਨ ਚੜ੍ਹਾਏ ਨੇ

📝 ਸੋਧ ਲਈ ਭੇਜੋ