ਕੁਝ ਲੋਕ ਮੁਹੱਬਤ ਨੂੰ

ਕੁਝ ਲੋਕ ਮੁਹੱਬਤ ਨੂੰ ਅਸ਼ਲੀਲਤਾ ਵਿਚ ਗਿਣਦੇ ਨੇ

ਉਹੀ ਲੋਕ ਮੈਂ, ਅਖ਼ਬਾਰਾਂ ਤੋਂ ਗੰਦੀਆਂ ਤਸਵੀਰਾਂ

ਕੱਟ ਕੇ ਸਾਂਭਦੇ ਹੋਏ ਵੇਖੇ ਨੇ....

ਇੱਕ ਗੱਲ ਸਾਂਝੀ ਕਰਦਾ ਹਾਂ...

ਕੁਝ ਮਹੀਨੇ ਪਹਿਲਾਂ ਕਾੱਲਜ ਜਾ ਰਿਹਾ ਸੀ...

ਰਸਤੇ ਵਿਚ ਇੱਕ ਫੁੱਲ ਵੇਖਿਆ ਜਾਮਣੀ ਜਿਹੇ ਰੰਗ ਦਾ...

ਮੋਟਰਸਾਈਕਲ ਰੋਕ...ਉਸ ਦੀਆਂ ਤਸਵੀਰਾਂ ਖਿੱਚਣ ਲੱਗ ਪਿਆ...

ਭੁੱਲ ਗਿਆ ਕਿ ਕਾੱਲਜ ਵੀ ਜਾਣਾ ਹੈ...

ਤੇ ਕਿੰਨਾ ਚਿਰ ਉਸ ਫੁੱਲ ਵੱਲ ਵੇਖਦਾ ਰਿਹਾ...,

ਦੋ ਸਾਲ ਪਹਿਲਾਂ ਬਾਜ਼ਾਰ ਵਿਚ ਆਪਣੀ ਦੁਕਾਨ ਦੇ ਗੇਟ ਕੋਲ ਬੈਠਾ...

ਸੋਚ ਰਿਹਾ ਸੀ,

ਕਿਸੇ ਆਪਣੇ ਅਜ਼ੀਜ਼ ਦੋਸਤ ਬਾਰੇ...

ਜੋ ਕਈ ਦਿਨ ਤੋਂ ਫੋਨ ਬੰਦ ਕਰ ...ਘੇਰ ਰਿਹਾ ਸੀ...

ਮੇਰੇ ਅੰਦਰ ਆਪਣੀ ਜਗ੍ਹਾ,

ਨੌਂ ਕੁ ਵਜੇ ਦਾ ਸਮਾਂ ਸੀ ਸਵੇਰ ਦਾ...

ਇੱਕ ਚੰਨ ਜਿਹੇ ਮੁੱਖੜੇ ਨਾਲ਼ ਦੀ... ਸਾਦੀ ਜਿਹੀ...

ਤੇ ਸਾਊ ਜਿਹੀ ਕੁੜੀ ਸਾਹਮਣੇ...

ਆਪਣੀ ਕੱਪੜੇ ਦੀ ਦੁਕਾਨ ਦੇ ਬਾਹਰ ਚੁੰਨੀਆਂ ਟੰਗ ਰਹੀ ਸੀ...

ਸਾਰੀਆਂ ਚੁੰਨੀਆਂ ਹਵਾ ਨਾਲ ਉਡ ਉਡ ਉਸਦੇ ਮੂੰਹ ਨੂੰ ਢੱਕ ਰਹੀਆਂ ਸਨ...

ਜਿਦਾਂ ਦੱਸ ਰਹੀਆਂ ਹੋਣ... ਵੇਖ ਸਾਰੇ ਰੰਗ ਜੱਚਦੇ ਨੇ ...,

ਮੈਂ ਵੇਖ ਰਿਹਾ ਸੀ... ਬਿਨਾਂ ਕੋਈ ਖਿਆਲ ਰੱਖ...

ਉਸਨੂੰ ਪਤਾ ਲੱਗ ਗਿਆ ਕਿ ਮੈਂ ਵੇਖ ਰਿਹਾ...

ਉਸਨੇ ਘੂਰੀ ਜਿਹੀ ਵੱਟੀ ਤੇ ਅੰਦਰ ਚਲੀ ਗਈ...

ਮੈਨੂੰ ਭੋਰਾ ਚੰਗਾ ਨਾ ਲੱਗਾ...

ਮੈਨੂੰ ਉਹ ਫੁੱਲ ਤੋਂ...ਕਮਾਰ (aloe vera) ਵਰਗੀ ਹੁੰਦੀ ਜਾਪੀ,

ਤੇ ਕੁਦਰਤ ਦੇ ਫੁੱਲ ਤੇ ਮਨੁੱਖ ਦੇ ਫੁੱਲਾਂ ਵਿਚ

ਇਕ ਵੱਡਾ ਫ਼ਾਸਲਾ ਪੈਦਾ ਹੋਇਆ ਜਾਪਿਆ...

📝 ਸੋਧ ਲਈ ਭੇਜੋ