ਕੁਝ ਮਸਲਾ ਹੈ ਬੇਗਾਨਾ ਕੁਝ ਅਪਣੇ ਘਰ ਦਾ ਹੈ।
ਇਸ ਦੇਸ਼ ਦਾ ਤਾਂ ਨਕਸ਼ਾ, ਹੁਣ ਖੂਨ ਚ ਤਰਦਾ ਹੈ।
’ਨ੍ਹੇਰੀ ਨੂੰ ਹਵਾ ਤਾਜ਼ਾ, ਹਰਗਿਜ਼ ਨਾ ਸਮਝ ਲੈਣਾ,
ਮਿੱਟੀ ਹੈ ਜਾਂ ਘੱਟਾ ਹੈ, ਉਡਦਾ ਹੋਇਆ ਗਰਦਾ ਹੈ।
ਕੁਝ ਕੁਝ ਨੇ ਛਟੇ ਬੱਦਲ, ਅਸਮਾਨ ਨੇ ਅੱਖ ਝਪਕੀ,
ਮਹਿਤਾਬ ਜਿਹਾ ਚਿਹਰਾ ਚੜ੍ਹਦੇ ’ਚੋਂ ਉਭਰਦਾ ਹੈ।
ਮੌਸਮ ਹੀ ਬਦਲ ਜਾਂਦੈ ਇਸ ਸ਼ਹਿਰ ਦਾ ਵੇਖ ਲਉ,
ਉਹ ਅਪਣੇ ਘਰੋਂ ਬਾਹਰ, ਜਦ ਪੈਰ ਵੀ ਧਰਦਾ ਹੈ।
ਛਾਂ ਦੇਣ ਵੀ ਲੱਗਾ ਹੈ, ਜਾਂ ਫਿਰ ਹੈ ਅਜੇ ਛੋਟਾ,
ਜੋ ਹੱਥੀਂ ਲਾਇਆ ਸੀ, ਕੀਹ ਹਾਲ ਸ਼ਜਰ ਦਾ ਹੈ।
ਦਿਨ ਚੜ੍ਹਦੇ ਗਏ ਦਫ਼ਤਰ, ’ਤੇ ਸ਼ਾਮੀ ਘਰੇ ਪਰਤੇ,
ਅਖ਼ਬਾਰ ਤੇ ਫਿਰ ਟੀ.ਵੀ., ਬਸ ਵਕਤ ਗੁਜ਼ਰਦਾ ਹੈ।
ਪਲਕਾਂ ਤੇ ਬਿਠਾਇਆ ਸੀ, ਜਿਸ ਸ਼ਖ਼ਸ ਨੂੰ ਲੋਕਾਂ ਨੇ,
ਉਸ ਸ਼ਖ਼ਸ ਦਾ ਨਾਂ ਲੈਣੋਂ, ਅਜ ਹਰ ਕੋਈ ਡਰਦਾ ਹੈ।
ਜੇਕਰ ਹੈ ਤੇਹ ਲੱਗੀ, ਤਾਂ ਹੋਰ ਕਿਤੇ ਜਾਓ,
ਇਹ ਮੌਸਮੀ ਝਰਨਾ ਹੈ, ਬਰਸਾਤਾਂ 'ਚ ਵਗਦਾ ਹੈ।