ਕੁਝ ਨਾ ਕੁਝ ਕਰ

ਜ਼ਿੰਦਗੀ ਵਿਚ ਕੁਝ ਨਾ ਕੁਝ ਕਰ ਜਾਈਏ। 

ਜ਼ਿੰਦਾ ਰਹੀਏ ਯਾਰ ਜਾਂ ਮਰ ਜਾਈਏ।

ਯਾਰ ਹੈ ਸੂਰਜ ਤੇ ਮੈਂ ਸੂਰਜ-ਮੁਖੀ, 

ਜਿਸ ਤਰਫ਼ ਲੈ ਜਾਏ ਰਹਬਰ ਜਾਈਏ।

ਜਾਨ ਹੈ ਕਿ ਜਿਸਮ ਵਿਚ ਤੂਫਾਨ ਹੈ, 

ਆਪਣੀ ਤਾਸੀਰ ਤੋਂ ਡਰ ਜਾਈਏ

ਦਿਨ ਸਵਾ ਨੇਜ਼ੇ ਤੇ ਸੂਰਜ ਹੈ ਖੜਾ, 

ਏਸ ਵਿਚ ਕੁਝ ਸ਼ਾਮ ਰੰਗ ਭਰ ਜਾਈਏ।

ਦੂਰ ਇਕ ਸਹਰਾ ਪੁਕਾਰੇ ਦੋਸਤੋ

ਦੂਰ ਤਕ ਬਣ ਕੇ ਸਮੁੰਦਰ ਜਾਈਏ

ਇਸ ਸ਼ਹਿਰ ਵਿਚ ਜੀਣ ਦੀ ਇਹ ਰਸਮ ਹੈ, 

ਸਿਰ ਕਿਸੇ ਦਹਲੀਜ਼ ਤੇ ਧਰ ਜਾਈਏ।

ਹਰ ਤਰਫ ਅੱਗ ਦੀ ਨਦੀ ਰਸਤੇ 'ਚ ਹੈ, 

ਜਾਈਏ ਤਾਂ ਕਿਸ ਤਰ੍ਹਾਂ ਘਰ ਜਾਈਏ।

ਐਬ ਅਪਣਾ ਇਕ ਹੁਨਰ ਬਣ ਜਾਏਗਾ, 

ਜੀਣ ਖ਼ਾਤਿਰ ਮੌਤ ਨੂੰ ਵਰ ਜਾਈਏ।

📝 ਸੋਧ ਲਈ ਭੇਜੋ