ਕੁਝ ਸਨ ਲਿਖੀਆਂ ਪੜ੍ਹੀਆਂ ਗੱਲਾਂ
ਕੁਝ ਗਈਆਂ ਨੇ ਘੜੀਆਂ ਗੱਲਾਂ
ਗੱਲ 'ਚੋਂ ਸੌ ਸੌ ਗੱਲ ਨਿਕਲੇਗੀ
ਜਿਹੜੇ ਦਿਨ ਮੈਂ ਫੜ੍ਹੀਆਂ ਗੱਲਾਂ
ਕਿੱਥੇ ਨੇ ਅੱਜ ਦਿਸਦੇ ਕਿਉਂ ਨਈਂ
ਕਰਦੇ ਸਨ ਜੋ ਬੜੀਆਂ ਗੱਲਾਂ
ਮੈਂ ਸਦੀਆਂ ਤੋਂ ਡਿੱਗੀਆਂ ਹੋਈਆਂ
ਕਰ ਦਿੱਤੀਆਂ ਨੇ ਖੜ੍ਹੀਆਂ ਗੱਲਾਂ
ਗੱਲਾਂ ਪਿੱਛੇ ਸੂਲ਼ੀ ਚੜ੍ਹ ਗਏ
ਫੇਰ ਵੀ ਤੋੜ ਨਾ ਚੜ੍ਹੀਆਂ ਗੱਲਾਂ
ਉਹਨੂੰ ਸੱਪਾਂ ਕੀ ਕਹਿਣਾ ਏ
ਜਿਸ ਬੰਦੇ ਨੂੰ ਲੜੀਆਂ ਗੱਲਾਂ
ਕੱਢ ਰਿਹਾਂ ਵਾਂ ਜ਼ਿਹਨਾਂ ਵਿਚੋਂ
ਫਸੀਆਂ ਖੁੱਭੀਆਂ ਅੜੀਆਂ ਗੱਲਾਂ
ਇੰਜ ਹੋਈਆਂ ਕੁਝ ਗੱਲਾਂ ‘ਸੰਧੂ’
ਗੱਲਾਂ ਸੁਣ ਸੁਣ ਸੜੀਆਂ ਗੱਲਾਂ