ਕੁਝ ਵੀ ਕਹਿਣਾ ਹੈ ਬੜਾ ਮੁਸ਼ਕਿਲ ਅਜੇ।
ਰਸਤਿਆਂ ਤੋਂ ਦੂਰ ਹੈ ਮੰਜ਼ਿਲ ਅਜੇ।
ਕਿਸ਼ਤੀਆਂ ਤੂਫ਼ਾਨ ਦੀ ਬੁੱਕਲ ’ਚ ਹਨ,
ਦੂਰ ਲਗਦਾ ਹੈ ਬਹੁਤ ਸਾਹਿਲ ਅਜੇ।
ਫ਼ੈਸਲਾ ਕੋਈ ਕਰਾਂ ਮੈਂ ਕਿਸ ਤਰ੍ਹਾਂ,
ਸਾਥ ਦਿੰਦਾ ਹੀ ਨਹੀਂ ਕੁਝ ਦਿਲ ਅਜੇ।
ਇਸ ਗੁਆਚੇਪਨ ਦਾ ਇਹ ਅਹਿਸਾਸ ਹੀ,
ਜ਼ਿੰਦਗੀ ਦਾ ਜਾਪਦੈ ਹਾਸਿਲ ਅਜੇ।
ਹੋਰ ਥੋੜ੍ਹੀ ਦੇਰ ਤਨਹਾ ਰਹਿਣ ਦੇ,
ਹੋਰ ਥੋੜ੍ਹਾ ਚਿਰ ਨਾ ਮੈਨੂੰ ਮਿਲ ਅਜੇ।
ਇਸ ਦੀ ਕੈਫ਼ੀਅਤ ਸਮਝ ਤੂੰ ਦੋਸਤਾ,
ਦਿਲ ਨਹੀਂ ਹੈ ਲੋਚਦਾ ਮਹਿਫ਼ਿਲ ਅਜੇ।