ਇਕੱਲ ਵਿਚ ਵੀ
ਨਹੀਂ ਹੁੰਦਾ ਮੈਂ ਇਕੱਲਾ
ਪਿਛਲੇ ਕੁਝ ਦਿਨਾਂ ਤੋਂ
ਕੋਈ ਮੇਰੇ ਨਾਲ ਸੌਂਦਾ
ਨਿੱਘੀ ਗਲਵਕੜੀ ‘ਚ ਲੈ
ਭਰ ਦਏ ਮੇਰਾ ਵਜੂਦ
ਕੂਲੀਆਂ ਜਿਸਮ ਛੋਹਾਂ ਨਾਲ
ਸਾਹਾਂ ‘ਚ ਥਿਰਕ ਪੈਣ
ਸ਼ਹਿਦ-ਭਿੱਜੀਆਂ ਤਰੰਗਾਂ
ਜਾਗਦਾ ਹਾਂ ਤਾਂ ਉਹ ਵੀ
ਜਾਗਦਾ ਹੈ ਨਾਲ ਮੇਰੇ
ਖ਼ਾਮੋਸ਼ ਬੋਲਾਂ ਨਾਲ ਹੈ ਕਰਦਾ ਸੰਵਾਦ
ਪੁੱਛਦਾ : ਏਨਾ ਚਿਰ ਕਿੱਥੇ ਰਿਹਾ ਮੈਂ
ਰਾਹਾਂ ‘ਚ ਕਿਧਰੇ ਆਪ ਜਿਹੜਾ
ਬਹੁਤ ਪਹਿਲਾਂ
ਰਹਿ ਗਿਆ ਸੀ ਬਹੁਤ ਪਿੱਛੇ
ਛਾ ਗਿਆ ਹੈ ਫਿਰ ਅਚਾਨਕ
ਚੇਤਨਾ ‘ਤੇ
ਪਿਛਲੇ ਕੁਝ ਦਿਨਾਂ ਤੋਂ