ਕੁੱਝ-ਕੁੱਝ ਝੱਲਾ ਉਹ ਵੀ ਸੀ ਤੇ ਮੈਂ ਵੀ ਸਾਂ ।
ਜੱਗ ਤੋਂ ਵੱਖਰਾ ਉਹ ਵੀ ਸੀ ਤੇ ਮੈਂ ਵੀ ਸਾਂ ।
ਇਕ ਦੂਜੇ ਨੂੰ ਲਫ਼ਜ਼ਾਂ ਵਿਚ ਉਲਝਾਂਦੇ ਰਹੇ,
ਪੜ੍ਹਿਆ ਲਿਖਿਆ ਉਹ ਵੀ ਸੀ ਤੇ ਮੈਂ ਵੀ ਸਾਂ ।
ਅੰਦਰੋਂ ਭਾਵੇਂ ਕਿਰਚੀ ਕਿਰਚੀ ਹੁੰਦੇ ਰਹੇ,
ਬਾਹਰੋਂ ਪੀਡਾ ਉਹ ਵੀ ਸੀ ਤੇ ਮੈਂ ਵੀ ਸਾਂ ।
ਐਵੇਂ ਰੁੱਸਦੇ ਰਹੇਆਂ ਸੁਣ ਕੇ ਲੋਕਾਂ ਦੀ,
ਕੰਨ ਦਾ ਕੱਚਾ ਉਹ ਵੀ ਸੀ ਤੇ ਮੈਂ ਵੀ ਸਾਂ ।
ਦੋਵੇਂ ਰੋਜ਼ ਉਡੀਕਦੇ ਸਾਂ ਇਕ ਦੂਜੇ ਨੂੰ,
ਜ਼ਿੱਦੀ ਪੱਕਾ ਉਹ ਵੀ ਸੀ ਤੇ ਮੈਂ ਵੀ ਸਾਂ ।
ਅੱਖਾਂ ਗੱਲਾਂ ਕਰਦੀਆਂ ਰਹੀਆਂ ਅੱਖਾਂ ਨਾਲ,
ਚੁੱਪ ਖਲੋਤਾ ਉਹ ਵੀ ਸੀ ਤੇ ਮੈਂ ਵੀ ਸਾਂ ।
'ਆਸਿਫ਼' ਝੂਠੇ ਜੱਗ ਨੇ ਝੂਠਾ ਕਰ ਦਿੱਤਾ,
ਨਹੀਂ ਤੇ ਸੱਚਾ ਉਹ ਵੀ ਸੀ ਤੇ ਮੈਂ ਵੀ ਸਾਂ ।