ਕੁਝ ਰਿਸ਼ਤੇ ਬੈਅ ਲਈਆਂ ਜਿਵੇਂ ਜ਼ਮੀਨਾਂ ਹੁੰਦੇ ਨੇ
ਜੱਦੀ ਪੁਸ਼ਤੀ ਇੰਤਕਾਲ਼ ਤਕਸੀਮਾਂ ਹੁੰਦੇ ਨੇ
ਕੁਝ ਰਿਸ਼ਤੇ ਜਿਉਂ ਉੱਗਦੇ ਫੁੱਲ ਨੇ ਵਿੱਚ ਪਹਾੜਾਂ ਦੇ
ਜੰਗਲ ਬੂਟੀ ਵਰਗੇ ਜਾਂ ਫੁੱਲ ਵਾੜਾਂ ਅਤੇ ਉਜਾੜਾਂ ਦੇ
ਕੁਝ ਰਿਸ਼ਤੇ ਜਿਉਂ ਪੱਥਰਾਂ ਉੱਤੇ ਲਿਖੀ ਇਬਾਰਤ ਹੁੰਦੀ ਹੈ
ਕੁਝ ਰਿਸ਼ਤੇ ਜਿਉਂ ਵਣਜ ਤੇ ਜਾਂ ਫਿਰ ਨਿਰੀ ਤਜ਼ਾਰਤ ਹੁੰਦੀ ਹੈ
ਖ਼ੂਨ ਦੇ ਨੇ ਕੁਝ ਰਿਸ਼ਤੇ ਖ਼ੂਨ ਜੋ ਪਾਣੀ ਬਣ ਜਾਂਦੇ
ਖ਼ੂਨ ਕਰਨ ਤੱਕ ਆਉਂਦੇ ਉਲਝੀ ਤਾਣੀ ਬਣ ਜਾਂਦੇ
ਕੁਝ ਰਿਸ਼ਤੇ ਜਿਉਂ ਬੱਝਾ-ਰੁੱਝਾ ਪਾਣੀ ਗਾਗਰ ਦਾ
ਕੋਈ ਰਿਸ਼ਤਾ ਸਭ ਦਾ ਸੰਗਮ ਜੀਕਣ ਪਾਣੀ ਸਾਗਰ ਦਾ
ਕੁਝ ਰਿਸ਼ਤੇ ਜੋ ਹਰ ਇੱਕ ਰਿਸ਼ਤੇ ਦਾ ਸਿਰਨਾਂਵਾਂ ਹੁੰਦੇ ਨੇ
ਤਪਦੀ ਤਿੱਖੜ ਸਿਖਰ ਦੁਪਹਿਰੇ ਉਹੀ ਛਾਂਵਾਂ ਦਿੰਦੇ ਨੇ
ਕੁਝ ਰਿਸ਼ਤੇ ਅਣਦਿਸਦੇ ਜੀਕਣ ਹਵਾ ਖ਼ਲਾਅ ਵਿੱਚ ਰਹਿੰਦੀ ਹੈ
ਪਰ ਸਾਹਾਂ ਵਿੱਚ ਹਰ ਪਲ ਹਰ ਛਿਣ ਖ਼ੂਨ ‘ਚ ਹਰਦਮ ਵਹਿੰਦੀ ਹੈ
ਕੁਝ ਰਿਸ਼ਤੇ ਨੇ ਵਾਂਗ ਫ਼ਰਿਸ਼ਤੇ ਬਣ ਕੇ ਕਿਧਰੋਂ ਆ ਜਾਂਦੇ
ਸਦਾ ਸਦਾ ਲਈ ਸਾਥ ਨਿਭਾਵਣ ਬਣ ਜਾਣ ਬੇਸ਼ੱਕ ਰਾਹ ਜਾਂਦੇ।