ਕੁੱਝ ਸਹਿਰਾ ਆਬਾਦ ਕਰਨਗੇ

ਕੁੱਝ ਸਹਿਰਾ ਆਬਾਦ ਕਰਨਗੇ, ਕੁੱਝ ਦੀਵਾਰਾਂ ਲੱਭਣਗੇ

ਇਹ ਬਸਤੀ ਜਦ ਉਜੜੇਗੀ ਤਾਂ ਕੈਸ਼ ਹਜ਼ਾਰਾਂ ਲੱਭਣਗੇ ।

ਕਿਸਰਾਂ ਮੱਥਾ ਲਾਵਾਂਗੇ ਫਿਰ ਵੇਲੇ ਦੇ ਮੁਖ਼ਤਾਰਾਂ ਨਾਲ,

ਖ਼ੌਫ਼ ਦੇ ਪਾਰੋਂ ਸਾਡੇ ਜਜ਼ਬੇ ਜੇਕਰ ਗ਼ਾਰਾਂ ਲੱਭਣਗੇ ।

ਗਿਣੇ ਚੁਣੇ ਕੁਝ ਸ਼ਬਦਾਂ ਤੱਕ ਮਹਿਦੂਦ ਕਰੋ ਨਾ ਸੋਚਾਂ ਨੂੰ,

ਨਵੀਆਂ ਬਹਿਰਾਂ ਲੱਭੋਗੇ ਤਾਂ, ਲਫ਼ਜ਼ ਹਜ਼ਾਰਾਂ ਲੱਭਣਗੇ ।

ਮੇਰੀ ਸੋਚ ਦੇ ਪਾਗਲ ਪੰਛੀ, ਜਾਵਣਗੇ ਜਿਸ ਪਾਸੇ ਨੂੰ,

ਮਸਤ ਫ਼ਿਜਾਵਾਂ, ਸ਼ੋਖ਼ ਅਦਾਵਾਂ, ਤੇ ਮਹਿਕਾਰਾਂ ਲੱਭਣਗੇ ।

ਇਹੋ ਜਿਹਾ ਵੀ ਦੌਰ ਆਵੇਗਾ, ਦੁਨੀਆਂ ਦੇ ਇਨਸਾਨਾਂ ਤੇ,

ਸਿਰ ਧਰਤੀ ਤੇ ਡਿੱਗੇ ਹੋਣਗੇ, ਪਰ ਦਸਤਾਰਾਂ ਲੱਭਣਗੇ ।

ਅੰਬਰਾਂ ਦੇ ਵਸਨੀਕ ਜੇ ਆਵਣ, ਧਰਤੀ ਤੇ ਇਕ ਵਾਰ 'ਸਲੀਮ',

ਟੁੱਕਣ ਮਾਰਣ ਦੇ ਲਈ ਉਹ ਵੀ ਬਸ ਦੀਵਾਰਾਂ ਲੱਭਣਗੇ ।

📝 ਸੋਧ ਲਈ ਭੇਜੋ