ਕੁਝ ਵੀ ਹੋਵੇ
ਹੁਣ ਅੱਥਰੂ ਨਹੀਂ ਆਉਂਦੇ
ਦੁੱਖ ਜੰਮ ਜਾਂਦਾ ਹੈ ਅੰਦਰ
ਪੱਥਰ ਦੇ ਵਾਂਗ
ਬਹੁਤਾ ਸਮਾਂ ਨਹੀਂ ਹੋਇਆ
ਕੋਈ ਗੀਤ ਸੁਣਦਾ ਸਾਂ
ਤਾਂ ਰੋ ਪੈਂਦਾ ਸਾਂ
ਕਵਿਤਾ ਪੜ੍ਹਦਾ ਸਾਂ
ਤਾਂ ਡੁੱਲ੍ਹ ਪੈਂਦਾ ਸਾਂ
ਕਿਸੇ ਨੂੰ ਰੋਂਦਾ ਵੇਖਦਾ ਸਾਂ
ਤਾਂ ਤੜਪ ਉਠਦਾ ਸੀ ਮਨ
ਮਾਂ ਦੀ ਯਾਦ ਆਉਂਦੀ ਸੀ
ਤਾਂ ਸਿਸਕ ਉਠਦਾ ਸਾਂ
ਕਈ ਵਾਰ ਆਪ ਮੁਹਾਰੇ ਬੈਠਿਆਂ
ਵਗਣ ਲੱਗਦੇ ਸਨ ਅੱਥਰੂ
ਅਚਨਚੇਤ ਏਨੇ ਖੰਜਰ
ਪਿੱਠ ’ਚ ਆ ਖੁਭੇ ਇਕਦਮ
ਕਿ ਅੱਖਾਂ ਨੇ
ਖੰਜਰਾਂ ਵਾਲੇ ਹੱਥਾਂ ਨੂੰ ਪਛਾਣਿਆ
ਤੇ ਪੱਥਰ ਹੋ ਗਈਆਂ
ਕੁਝ ਵੀ ਹੋਵੇ
ਹੁਣ ਅੱਥਰੂ ਨਹੀਂ ਆਉਂਦੇ
ਦੁੱਖ ਜੰਮ ਜਾਂਦਾ ਹੈ ਅੰਦਰ
ਪੱਥਰ ਦੇ ਵਾਂਗ...।