ਕੁਲ ਆਲਮ ਵਿੱਚ ਮੇਰੇ ਮੌਲਾ ਪਿਆਰ ਵਧੇ

ਕੁਲ ਆਲਮ ਵਿੱਚ ਮੇਰੇ ਮੌਲਾ ਪਿਆਰ ਵਧੇ। 

ਇੱਕ ਦੂਜੇ ਲਈ ਸਭ ਦੇ ਮਨ ਸਤਿਕਾਰ ਵਧੇ। 

ਤੰਗੀ-ਤੁਰਸ਼ੀ,ਹਉਕੇ ਉੱਡਣ ਖੰਭ ਲਾ ਕੇ,

ਮਹਿਕਾਂ,ਖੁਸ਼ੀਆਂ-ਖੇੜਿਆਂ ਦਾ ਭੰਡਾਰ ਵਧੇ। 

ਜ਼ਹਿਰੀ ਪੌਣਾਂ ਪੋਹਣ ਨਾ ਕਦੇ ਫ਼ਿਜ਼ਾਵਾਂ ਨੂੰ, 

ਪਿਆਰੀ ਕੰਢਿਆਂ ਤੀਕਰ ਭਰ ਜਲਧਾਰ ਵਧੇ। 

ਕਿਉਂ ਜੋੜਨ ਲਈ ਦਾਨੇ ਘਟਦੇ ਜਾਂਦੇ ਨੇ, 

ਕਿਉਂ ਤੋੜਨ ਲਈ ਜ਼ਿਹਨਾਂ ਵਿੱਚ ਹਥਿਆਰ ਵਧੇ। 

ਫੁੱਲ ਸਾਂਝਾਂ ਦੇ ਪਲ-ਪਲ ਸੜਦੇ ਜਾਂਦੇ ਨੇ, 

ਮੈਂ ਤਾਂ ਅੱਜ ਤੱਕ ਵੇਖੇ ਨੇ ਅੰਗਿਆਰ ਵਧੇ।

ਕਿਉਂ ਗਲਵੱਕੜੀ ਢਿੱਲੀ ਹੁੰਦੀ ਜਾਂਦੀ ਏ, 

ਰੋਕੋ ਨਫ਼ਰਤ, ਸਾੜੇ ਤੇ ਹੰਕਾਰ ਵਧੇ

ਜੱਗ ਦੇ ਵਾਲੀ ਸੁਣ ਲੈ 'ਓਠੀ' ਅਰਜ਼ ਕਰੇ, 

ਸ਼ਾਲਾ! ਆਲਮ ਬਣ ਸਾਂਝਾ ਪਰਿਵਾਰ ਵਧੇ।

📝 ਸੋਧ ਲਈ ਭੇਜੋ