ਪੱਲਿਓਂ ਪੈਸੇ ਖ਼ਰਚ ਕੇ, ਅਜਕੱਲ੍ਹ ਛਪੇ ਕਿਤਾਬ
ਲਿਖੇ ਛਪੇ ਜਾਂ ਚੁਪ ਰਹੇ, ਸ਼ੰਮੀ ਕਰੇ ਹਿਸਾਬ
ਸ਼ੰਮੀ ਕਰੇ ਹਿਸਾਬ, ਕਿਉਂ ਤੂੰ ਲੈ ਲਿਆ ਪੰਗਾ
ਲਿਖਣ ਪੜ੍ਹਨ ਦੇ ਸ਼ੌਕ ਨੇ, ਕਰ ਛੱਡਿਆ ਏ ਕੰਘਾ
ਐਪਰ ਸ਼ੌਕ ਨਿਰਾਲਾ, ਰੂਹ ਹੋ ਗਈ ਰਾਜ਼ੀ
ਲੋਕਾਂ ਨੂੰ ਕੀ ਕਰਨਾ , ਰੱਖਣਾ ਰਾਂਝਾ ਰਾਜੀ
ਜੈਸੀ ਦੁਨੀਆਂ ਹੋ ਗਈ, ਤੈਸਾ ਹੋਇਆ ਰੱਬ
ਵੇਖੇ ਰੰਗ ਜਹਾਨ ਦੇ, ਸਾਰੇ ਵੇਖੇ ਯੱਭ
ਸਾਰੇ ਵੇਖੇ ਯੱਭ, ਕਿੰਨੇ ਪਏ ਖ਼ਿਲਾਰੇ
ਲੈ ਕੇ ਰੱਬ ਦਾ ਨਾਂ, ਕਿੰਝ ਬੇਦੋਸ਼ੇ ਮਾਰੇ
ਭਟਕੇ ਸੱਚੇ ਰਾਹੋਂ, ਘਰ ਘਾਟ ਗਵਾਏ
ਤੌਬਾ ਕੀਤੀ ਰੱਬ, ਹੱਥ ਕੰਨਾਂ ਨੂੰ ਲਾਏ
ਜੋਤਿਸ਼ ਲਾ ਕੇ ਵੇਖਿਆ, ਜਾਗਣ ਚੰਗੇ ਭਾਗ
ਕਦ ਰੁੱਤ ਆਉ ਸੁਹਾਵਣੀ, ਲੱਗੇ ਸੁਰੀਲਾ ਰਾਗ
ਲੱਗੇ ਸੁਰੀਲਾ ਰਾਗ, ਇੱਕ ਸੁਪਨਾ ਰਹਿ ਗਿਆ
ਕੱਖੋਂ ਹੌਲੇ ਹੋਗੇ, ਲੁੱਟ ਪਾਂਡਾ ਲੈ ਗਿਆ
ਹੱਕ ਸੱਚ ਦੇ ਰਾਹ ਨੇ ਬੜੀ ਮਿਹਨਤ ਵਾਲੇ
ਸ਼ਾਟਕੱਟ ਦੇ ਗੇੜ ਦੇ ਸਭ ਨੇ ਘਾਲ਼ੇ ਮਾਲ਼ੇ
ਮਾਂ ਬੋਲੀ ਦੇ ਨਾਮ ਤੇ, ਠੱਗੀਆਂ ਮਾਰਨ ਲੋਕ
ਫੇਸਬੁੱਕ ਦੇ ਜਾਲ ਵਿੱਚ, ਕੁੰਡੀਆਂ ਪਾਉਂਦੇ ਲੋਕ
ਕੁੰਡੀਆਂ ਪਾਉਂਦੇ ਲੋਕ, ਤੇ ਕਰਦੇ ਘਾਲੇ -ਮਾਲੇ
ਗੁਰਮੁਖੀ ਤੋਂ ਸ਼ਾਹਮੁਖੀ ਦੇ, ਹੋਏ ਖੇਡ ਨਿਰਾਲੇ ।
ਠੱਗੀ ਠੋਰੀ ਮਾਰਕੇ, ਪਾਰ ਲਗਾਉਂਦੇ ਨੱਈਆ
ਸ਼ਮੀ ਯਾਰਾ ਵੇਖ ਲੈ, ਹੁੰਦੀ ਤਾ-ਤਾ ਥੱਈਆ
ਕਰਨ ਪੜ੍ਹਾਈਆਂ ਦੱਬ ਕੇ, ਬੱਚੇ ਸਾਰਾ ਸਾਲ।
ਸਾਲ ਬਾਅਦ ਜਾ ਬੈਠਦੇ, ਵਿੱਚ ਪ੍ਰੀਖਿਆ ਹਾਲ।
ਵਿੱਚ ਪ੍ਰੀਖਿਆ ਹਾਲ, ਕਿੰਨੇ ਪੈ ਜਾਂਦੇ ਪੰਗੇ।
ਤਿੰਨ ਘੰਟੇ ਲਈ ਸਾਰੇ, ਬੱਸ ਰਹਿੰਦੇ ਨੇ ਟੰਗੇ।
ਫੇਲ੍ਹ ਪਾਸ ਦਾ ਚੱਕਰ ਬਣ ਪੱਖਾ ਸਿਰ ਘੁੰਮੇ।
ਕਰਮਾਂ ਵਾਲਾ ਵਿਰਲਾ, ਸ਼ਮੀ ਏਸ ਚੱਕਰ ‘ਚੋਂ ਲੰਘੇ।
ਅੱਠ ਜਮਾਤਾਂ ਪੜ੍ਹ ਗਏ, ਕੋਈ ਨਾ ਹੋਵੇ ਫੇਲ੍ਹ।
ਨੌਵੀਂ ਦਸਵੀਂ ਅੜ ਗਏ, ਵਿਗੜੇ ਐਸਾ ਖੇਲ੍ਹ।
ਵਿਗੜੇ ਐਸਾ ਖੇਲ੍ਹ, ਤੇ ਉੱਡ ਜਾਂਦੇ ਤੋਤੇ।
ਇੱਕੋ ਰੱਸੇ ਬੰਨ੍ਹ ਲਏ, ਕਿਸ ਨੇ ਘੋੜੇ ਖੋਤੇ ।
ਕੈਸੀ ਸਿੱਖਿਆ ਦੇ ਰਹੇ, ਦੇਸ਼ ਦੇ ਨੀਤੀ ਘਾੜੇ ।
ਸ਼ਮੀ ਸਮਝ ਨਾ ਆਵੇ , ਜੋ ਪੈ ਗਏ ਪੁਆੜੇ।
ਡਿਗਰੀ ਪੂਰੀ ਕਰ ਲਈ, ਵੇਖ ਪੁਸਤਕਾਂ ਢੇਰ ।
ਐਸਾ ਖਹਿੜਾ ਛੱਡਿਆ, ਮੁੜ ਨਾ ਤੱਕਿਆ ਫੇਰ।
ਮੁੜ ਨਾ ਤੱਕਿਆ ਫੇਰ, ਸੱਦ ਲਿਆ ਰੱਦੀ ਵਾਲਾ।
ਸਭ ਕਿਤਾਬਾਂ ਵੇਚੀਆਂ, ਲੈ ਕੇ ਸਾਹ ਸੁਖਾਲਾ ।
ਪੜ੍ਹਨਾ – ਲਿਖਣਾ ਛੱਡ ਕੇ, ਨਿਰੇ ਨੋਟ ਹੀ ਛਾਪੇ।
ਮਾੜੇ ਢੱਗੇ ਵਾਂਗ ਸ਼ਮੀ, ਕਰਦਾ ਰਿਹਾ ਸਿਆਪੇ।
ਨਕਲ ਅਮਰ ਹੈ ਦੋਸਤਾ , ਕੋਈ ਨਾ ਸਕੇ ਮਾਰ।
ਇਸ ਦੇ ਤਾਰੇ ਤਰ ਗਏ, ਡੁੱਬਦੇ ਨਾ ਮੰਝਧਾਰ ।
ਡੁੱਬਦੇ ਨਾ ਮੰਝਧਾਰ ,ਜਾ ਲੱਗਦੇ ਨੇ ਕੰਢੇ।
ਰੱਖਣ ਪੜ੍ਹਾਕੂ ਖ਼ਾਰ ,ਅਖੇ ਕੀ ਗੱਡਣੇ ਝੰਡੇ ।
ਐਪਰ ਸ਼ਮੀ ਵੇਖ, ਕਿੰਝ ਪੈ ਜਾਂਦੇ ਨੇ ਪੰਗੇ।
ਲੰਬੀ ਰੇਸ ਨੂੰ ਜਿੱਤਦੇ, ਪਾੜ੍ਹੇ ਹੀ ਲਾਉਣ ਦੁੜੰਗੇ।
ਸਵਰਗ ਲੋਕ ਦੇ ਦੇਵਤੇ, ਬੈਠੇ ਡਾਢੇ ਦੂਰ।
ਲੈ ਕੇ ਬਲੀਆਂ ਮੁੱਕਰੇ, ਕਹਿੰਦੇ ਕਿਹੜੀ ਹੂਰ?
ਕਹਿੰਦੇ ਕਿਹੜੀ ਹੂਰ, ਕਿਹੜੀ ਹੈ ਦਾਰੂ ਏਥੇ?
ਸਭ ਰਹਿਮਤਾਂ ਰੋਲ਼, ਦੇਣਾ ਕੀ ਝਾੜੂ ਏਥੇ?
ਉਮਰ ਅਜਾਈਂ ਗਾਲ਼ ਆਪਣੀ ਜੂਨ ਗਵਾਈ ।
ਚੰਗੇ ਦਿਨ ਦੀ ਭਾਲ, ਸ਼ਮੀ ਦੀ ਸੁਰਤ ਗਵਾਈ।
ਪੱਗਾਂ ਕੇਸਰੀ ਬੰਨ੍ਹ ਕੇ, ਚੱਲੇ ਢਾਣੀ ਬੰਨ੍ਹ।
ਭਗਤ ਸਿੰਘ ਦੀ ਸੋਚ ਨੂੰ, ਲਾਉਣੇ ਚਾਰ ਚੰਨ।
ਲਾਉਣੇ ਚਾਰ ਚੰਨ, ਲਗਾ ਕੇ ਉੱਚੇ ਨਾਰ੍ਹੇ।
ਭਾਸ਼ਣ ਵੱਡੇ ਝਾੜ, ਫੜ ਲੈਂਦੇ ਨੇ ਤਾਰੇ।
ਪਰ ਉਸ ਦੇ ਕਰਮ ਦਾ, ਇਹ ਨਾ ਬਣਦੇ ਹਾਣੀ ।
ਸ਼ਮੀ ਫੋਕੇ ਨਕਲਚੀ, ਬਸ ਦੁਹਰਾਉਣ ਕਹਾਣੀ।