ਅੱਗੇ ਪਿੱਛੇ ਰਾਤ ਪਈ

ਨਾ ਕੋਈ ਵੇਲਾ ਨਾ ਕੋਈ ਥਾਂ ਏਂ 

ਸੂਰਜ ਚਾਨਣ ਚੰਨ ਸਿਤਾਰੇ 

ਤੁਰ ਗਏ ਪਤਾ ਨਾ ਕਿਧਰੇ ਸਾਰੇ 

ਸਿਰ ਅਸਮਾਨ ਪਛਾਣ ਹੋਵੇ 

ਇਹ ਵੀ ਪੱਕਾ ਪਤਾ ਨਹੀਂ ਹੈ 

ਪੈਰਾਂ ਹੇਠਾਂ ਧਰਤੀ ਜਾਂ ਬੇਧਰਤੀ ਏ 

ਨਾ ਕੋਈ ਕੰਕਰ ਨਾ ਕੋਈ ਕੰਡਾ 

ਚੁਭੇ ਤਾਂ ਜਾਪੇ ਭੋਂ ਜਿਉਂਦੀ ਏ 

ਕਾਲਖ ਦੇ ਵਿਚ ਰਾਤ ਗੁਆਚੀ 

ਉਹਦੇ ਵਿਚ ਗੁਆਚਾ ਹੋਇਆ 

ਰਾਤ ਜਿਹਾ ਇਕ ਮੈਂ ਤੁਰਦਾ ਹਾਂ 

ਰਾਤ ਸ਼ੁਰੂ ਮੇਰਾ ਰਾਤ ਖ਼ਾਤਮਾ

ਕਲ੍ਹ ਤਕ ਸਾਡਾ ਸੂਰਜ ਵੀ ਸੀ 

ਘਰ ਸੀ ਘਰ ਵਿਚ ਇਕ ਪਿਪਲੀ ਸੀ 

ਸੁਬ੍ਹਾ ਸਵੇਰੇ ਪਿਪਲੀ ਜਾਗੇ

ਚੁਹਰ ਚੁਹਰ ਚੁਹ ਸਰਰ ਸਰਰ ਸਰ 

ਉਸਦੀ ਯਾਦ ਵੀ

ਏਸ ਰਾਤ ਵਿਚ ਡੁਬਦੀ ਜਾਏ

ਕਾਲੀ ਚੁੱਪ ਵਿਚ ਕਦੀ ਕਦਾਈਂ 

ਕਿਤੇ ਬੇਸੁਰਾ ਕੁੱਤਾ ਭੌਂਕੇ 

ਸੁਣਾਂ ਤਾਂ ਜਾਪੇ

ਕੋਈ ਪਿੰਡ ਕਿਤੇ ਜਿਉਂਦਾ ਏ 

ਪਿੰਡ ਨਹੀਂ ਤਾਂ ਇਕ ਜਾਂ ਅੱਧਾ

ਘਰ ਬਚਿਆ

ਘਰ ਦੇ ਵਿਹੜੇ ਵਿਚ ਪਿਪਲੀ

ਪੱਤਿਆਂ ਦੇ ਵਿਚ ਚੁੰਝ ਵਲੇਟੀ ਪੰਛੀ ਸੁੱਤੇ

ਕੱਲ੍ਹ ਨਹੀਂ ਤਾਂ ਪਰਸੋਂ ਤਰਸੋਂ

ਸੁਬ੍ਹਾ ਸਵੇਰੇ

ਚੁਹਰ ਚੁਹਰ ਚੁਹ ਮੁੜ ਜਾਗੇਗੀ 

ਕੁੱਤਾ ਭੌਂਕੇ ਏਸ ਆਸ ਤੇ

📝 ਸੋਧ ਲਈ ਭੇਜੋ