ਲਾਲ ਤੋਂ ਚਿੱਟੇ ਹੋਏ ਨੇ ਅਜ-ਕਲ ਲਹੂ ਭਰਾਵਾਂ ਦੇ ।
ਦੁਨੀਆਂ ਦਾਰੀ ਸੀਨੇ ਲਾਉਂਦੇ ਰਹਿ ਗਏ ਰਿਸ਼ਤੇ ਨਾਵਾਂ ਦੇ ।
ਬੀਵੀ ਤੇ ਬੱਚਿਆਂ ਦੀ ਖ਼ਾਤਰ ਇਕ ਦੂਜੇ ਨੂੰ ਮਾਰਣ ਪਏ,
ਗ਼ੈਰਾਂ ਤੋਂ ਵੀ ਗ਼ੈਰ ਹੋਏ ਨੇ ਪੁੱਤਰ ਸਕੀਆਂ ਮਾਵਾਂ ਦੇ ।
ਭੈਂਣ ਭਰਾ ਦਾ ਪਿਆਰ ਮੁਕਾ ਕੇ ਬਣੇ ਨੇ ਦੁਸ਼ਮਣ ਜਾਨਾਂ ਦੇ,
ਗਜ਼ ਗਜ਼ ਥਾਂ ਦੀ ਖ਼ਾਤਰ ਯਾਰੋ ਭੁੱਲਣ ਰਿਸ਼ਤੇ ਸਾਹਵਾਂ ਦੇ ।
ਆਪਸ ਦੇ ਵਿਚ ਲੜ-ਲੜ ਐਵੇਂ ਕੱਖੋਂ ਹੌਲੇ ਹੋ ਗਏ ਆਂ,
ਕੱਲ੍ਹ ਤੱਕ ਜਿਹੜੇ ਥੰਮ ਸਨ ਯਾਰੋ ਇਕ ਦੂਜੇ ਦੀਆਂ ਬਾਹਵਾਂ ਦੇ ।
ਇਕ ਦੂਜੇ ਦੀਆਂ ਖ਼ੈਰਾਂ ਜਿਹੜੇ ਰੱਬ ਸੱਚੇ ਤੋਂ ਮੰਗਦੇ ਸਨ,
ਰੋੜੇ ਬਣ ਗਏ ਨੇ 'ਇਰਸ਼ਾਦ'ਉਹ ਇਕ ਦੂਜੇ ਦੀਆਂ ਰਾਹਵਾਂ ਦੇ ।