ਲਾਂਬੂ ਸਾਡੇ ਸੀਨੇ ਦੇ ਵਿਚ, ਬਲ-ਬਲ ਉੱਠਦੇ ਹਾਵਾਂ ਨਾਲ!
ਏਹ ਨਿਰਾਲੀ ਅੱਗ ਨਾ ਬੁਝਦੀ, ਯਾਰੋ ਠੰਡੀਆਂ ਛਾਵਾਂ ਨਾਲ!!
ਇਸ਼ਕ ਤੇਰੇ ਵਿੱਚ, ਸਭ ਕੁਝ ਖੁਸਾ, ਦੀਨ ਈਮਾਨ ਤੇ ਦੁਨੀਆਂ ਵੀ,
ਆਪਣੀ ਜ਼ਾਤ-ਸ਼ਿਫ਼ਾਤ ਕੀ ਦੱਸੀਏ? ਸਾਨੂੰ ਕੀ ਹੁਣ ਨਾਵਾਂ ਨਾਲ?
ਲੱਖਾਂ ਸਾਲ ਇਬਾਦਤ ਕਰਨੀ, ਔਖਾ ਕੰਮ 'ਮਲਾਇਕ' ਦਾ,
ਹੁਕਮ ਕਰੇਂ ਤਾਂ ਮੈਂ ਵੀ ਰੱਬਾ, ਭਾਰੇ ਭਾਰ ਵੰਡਾਵਾਂ ਨਾਲ!
ਮਸਜਿਦ-ਮੰਦਰ ਸਭ ਥਾਂ ਲੱਭਿਆ, ਲੱਭ-ਲੱਭ ਕੇ ਲਾਚਾਰ ਹੋਏ,
ਕਿਹੜਾ ਮੂੰਹ ਲੈ ਵਾਪਸ ਜਾਈਏ? ਆਏ ਹੈਸਾਂ ਚਾਵਾਂ ਨਾਲ!
ਅਸੀਂ ਨਿਮਾਣੇ ਸਾਦ ਮੁਰਾਦੇ, ਭਾਰੇ ਦੁੱਖ ਜੁਦਾਈਆਂ ਦੇ,
ਇਸ਼ਕ ਨੇ ਸਾਡਾ ਸੱਭ ਕੁੱਝ ਲੁੱਟਿਆ ਪੁਠੇ-ਸਿੱਧੇ ਦਾਵਾਂ ਨਾਲ!
ਕਾਸਿਦ ਨੂੰ ਕੀ ਸਾਰ ਹੈ 'ਆਸ਼ਿਕ', ਸਾਡੇ ਤੇ ਜੋ ਬੀਤੀ ਹੈ,
ਉਹਦੇ ਵਸ ਦੀ ਗੱਲ੍ਹ ਨਈਂ ਲੱਗਦੀ, ਲੱਗੇ ਤੇ ਮੈਂ ਜਾਵਾਂ ਨਾਲ!