(ਇਕਬਾਲ ਕੈਸਰ ਦੇ ਨਾਂ)
ਇੱਕੋ ਘਰ ਦੇ ਜੀਅ ਅਸੀਂ
ਸਾਨੂੰ ਮਾਰ ਲਿਆ ਦੀਵਾਰਾਂ ਨੇ
ਅਸੀਂ ਕਿੱਦਾਂ ਰੱਜ ਕੇ ਮਿਲੀਏ
ਸਾਡੇ ਬੂਹਿਆਂ ਤੇ ਤਲਵਾਰਾਂ ਨੇ
ਤੂੰ ਤਰਸੇਂ
ਚੱਕ ਹਰਾਜ ਦੀ ਮਿੱਟੀ ਨੂੰ
ਮੇਰੇ ਮਨ ਵਿੱਚ ਲੋਚਾ
ਜੰਡਵਾਲੇ ਨੂੰ ਵੇਖਣ ਦੀ
ਇੱਕੋ ਹੀ ਕਥਾ ਦੇ
ਦੋ ਕਿਰਦਾਰ ਅਸੀਂ
ਅਲੱਗ ਅਲੱਗ ਥਾਵਾਂ ਨੇ
ਪਰ ਜੂਨ ਹੰਢਾਈਏ ਇਕਸਾਰ ਅਸੀਂ
ਅਸੀਂ ਕੈਦੀ
ਸ਼ਾਹਾਂ ਦੀ ਹਿੰਡ ਦੇ
ਲੜ ਲੜ ਮੋਈਏ
ਭਾਵੇਂ ਪਿੱਛੋਂ ਇੱਕੋ ਹੀ ਪਿੰਡ ਦੇ
ਅਸੀਂ ਮੋਹਰੇ
ਸ਼ਾਹੀ ਚਾਲ ਦੇ
ਫਸੇ ਹੋਏ ਵਿੱਚ ਜਾਲ ਦੇ
ਸਾਡੇ ਸਿਰ ਸਾਇਆ
ਬਦਰੂਹਾਂ ਦਾ
ਚੇਤਾ ਭੁੱਲਿਆ
ਪਿੰਡ ਦੀਆਂ ਜੂਹਾਂ ਦਾ
ਅਸੀਂ ਬਹੁਤ ਕੀਤੀਆਂ
ਹੂੜਮੱਤਾਂ
ਅਸੀਂ ਬੜੇ ਖਿਲਾਰੇ ਝੱਲ
ਪਰ ਇੱਕ ਪੱਕੀ ਏ ਗੱਲ
ਅਜੇ ਵੀ ਚੰਗੇ ਹਾਂ ਅਸੀਂ
ਇਕਬਾਲ ਕੈਸਰ
ਸਾਡੀ ਬੋਲੀ
ਸਾਨੂੰ ਜੋੜੀ ਰੱਖਿਆ
ਲਫ਼ਜ਼ਾਂ ਦੇ ਸਾਕ ਚ ਰਲ ਕੇ
ਸਾਕ ਮਿੱਟੀ ਦਾ
ਹੋਰ ਵੀ ਗੂੜ੍ਹਾ ਹੋ ਗਿਆ