ਲੱਗੇ ਦੁੱਖ ਹਿਆਤੀ ਨਾਲ

ਲੱਗੇ ਦੁੱਖ ਹਿਆਤੀ ਨਾਲ ਹੰਢਾਉਂਦੇ ਪਏ ਆਂ

ਕੁੱਛੜ ਚੁੱਕ ਕੇ ਬਾਲਾਂ ਵਾਂਗ ਖਿਡਾਉਂਦੇ ਪਏ ਆਂ

ਨੈਣ ਪਿਆਸੇ ਤਰਸ ਗਏ ਦੀਦਾਰ ਨਾ ਹੋਇਆ,

ਹੰਝੂਆਂ ਦੇ ਸੰਗ ਦਿਲ ਆਪਣਾ ਪਰਚਾਉਂਦੇ ਪਏ ਆਂ

ਡੁੱਬ ਗਿਆ ਦਿਨ ਫੇਰ ਨਾ ਸੱਜਣ ਨੇੜੇ ਆਇਆ,

ਬੰਨੇ ਉੱਤੇ ਬੈਠੇ ਕਾਂਗ ਉਡਾਉਂਦੇ ਪਏ ਆਂ

ਹਰ ਬੰਦਾ ਇਕ ਦੂਜੇ ਦਾ ਵੈਰੀ ਦਿੱਸੇ,

ਅਸੀਂ ਤੇ ਨਫ਼ਰਤ ਵਾਲੀ ਅੱਗ ਬੁਝਾਉਂਦੇ ਪਏ ਆਂ

ਘੁੰਮਣ-ਘੇਰੀ ਦੇ ਵਿਚ ਬੇੜੀ ਫਸ ਗਈ ਸਾਡੀ,

ਕੱਖਾਂ ਨੂੰ ਹੱਥ ਪਾ ਕੇ ਜਾਨ ਬਚਾਉਂਦੇ ਪਏ ਆਂ

ਭੁੱਲਣ ਨਾ ਉਹ ਹਿਜਰ ਸਮੇਂ ਦੀਆਂ ਕਾਲੀਆਂ ਰਾਤਾਂ,

ਝੂਠੇ ਲਾਰੇ ਲਾ ਕੇ ਦਿਲ ਪਰਚਾਉਂਦੇ ਪਏ ਆਂ

'ਸਦਫ਼' ਨੂੰ ਮਾਰ ਗਏ ਨੇ ਤੇਰੇ ਬੋਲ ਉਹ ਮਿੱਠੇ,

ਏਸੇ ਆਸ ਤੇ ਕੀਤੇ ਕੌਲ ਨਿਭਾਉਂਦੇ ਪਏ ਆਂ

📝 ਸੋਧ ਲਈ ਭੇਜੋ