ਲਹਿਕਦੀ ਰਹਿਣੀ ਨਹੀਂ ਨਹਿਰੀ ਜ਼ਮੀਨ

ਲਹਿਕਦੀ ਰਹਿਣੀ ਨਹੀਂ ਨਹਿਰੀ ਜ਼ਮੀਨ । 

ਫੈਲਦੀ ਹੀ ਜਾ ਰਹੀ ਸ਼ਹਿਰੀ ਜ਼ਮੀਨ । 

ਰੋਜ਼ ਹੀ ਇਹ ਮੰਗਦੀ ਤਾਜ਼ਾ ਲਹੂ, 

ਇਸ ਤਰ੍ਹਾਂ ਪਹਿਲਾਂ ਨਾ ਸੀ ਕਹਿਰੀ ਜ਼ਮੀਨ । 

ਪਾ ਨਹੀਂ ਸਕਦੇ ਤੁਸੀਂ ਇਸ ਦੀ ਅਥਾਹ, 

ਇਹ ਬੜੀ ਹੈ ਦੋਸਤੋ ! ਗਹਿਰੀ ਜ਼ਮੀਨ । 

ਫੜ-ਫੜਾਉਂਦਾ ਸ਼ਿਅਰ ਕਹਿ ਸਕਦੇ ਨਹੀਂ, 

ਜ਼ਿੰਦਗੀ ਹੁੰਦੀ ਹੈ ਬ-ਬਹਿਰੀ ਜ਼ਮੀਨ

ਆਦਿ ਤੋਂ ਹੈ ਮਸਤ ਅਪਣੀ ਚਾਲ ਵਿਚ, 

ਦੇਖਣ ਨੂੰ ਜਾਪਦੀ ਠਹਿਰੀ ਜ਼ਮੀਨ

ਜਿਸ 'ਤੇ ਅੰਮ੍ਰਿਤ ਦੇ ਸਰੋਵਰ ਬੇ-ਸ਼ੁਮਾਰ, 

ਦਿਨ-ਬ-ਦਿਨ ਉਹ ਰਹੀ ਹੋ ਜ਼ਹਿਰੀ ਜ਼ਮੀਨ

📝 ਸੋਧ ਲਈ ਭੇਜੋ