ਲਾਹੌਰ ! ਲਾਹੌਰ ਏ

ਅਧੀ ਰਾਤੀਂ ਏਸ ਵੇਲੇ ਢਾ ਕਿਨ੍ਹੇ ਮਾਰੀ ?

ਆਹ ਲੈ ! ਭਾਵੇਂ ਜੰਨਤੇ ਦਾ ਮੁੰਡਾ ਮਰ ਗਿਆ ਏ,

ਜ਼ਿੰਦਗੀ ਦੇ ਦੁਖਾਂ ਤੋਂ ਕਿਨਾਰਾ ਕਰ ਗਿਆ

ਰੋਗ ! ਇਹ ਰੋਗ !! ਕੋਈ ਜਾਣ ਵਾਲਾ ਨਹੀਂ ਸੀ,

ਸੋਚਨਾਂ ਵਾਂ ਹੁਣ ਬੁੱਢੀ ਮਾਂ ਕੀ ਕਰੇਗੀ,

ਕਿਹੜੀ ਆਸ ਜੀਵੇਗੀ ਤੇ ਕਿਹੜੀ ਆਸ ਮਰੇਗੀ

ਜ਼ਿੰਦਗੀ ਦੇ ਡੰਗ ਵੀ ਮੁਕਾਇਆਂ ਨਹੀਂ ਮੁਕਦੇ,

ਕਰਮਾਂ ਦੇ ਮਾਰੇ ਖੋਭੇ,

ਆਪ ਤੇ ਸੁਕਾਇਆਂ ਨਹੀਂ ਸੁਕਦੇ

ਪਿੰਡ ਸਾਰਾ ਜਾਣਦਾ ਏ,

ਜਿਹੜੇ ਹਾਲ ਓਸ ਨੇ ਰੰਡੇਪੇ ਵਿਚ,

ਜੱਫਰ ਜਾਲ ਜਾਲ ਕੇ ਤੇ ਮੁੰਡੇ ਨੂੰ ਪੜ੍ਹਾਇਆ ਸੀ

ਫੇਰ ਕਿੰਨੇ ਵਖ਼ਤਾਂ ਤੇ ਖੇਚਲਾਂ ਦੇ ਨਾਲ ਉਹਨੂੰ ਨੌਕਰ ਕਰਾਇਆ ਸੀ

ਸਿਹਰੇ ਗਾਨੇ ਬੰਨ੍ਹੇ,

ਜਦੋਂ ਡੋਲੀ ਲੈ ਕੇ ਆਇਆ ਸੀ

ਕਿੰਨੇ ਏਸ ਜੰਨਤੇ ਨੂੰ ਚਾ ਅਰਮਾਨ ਸਨ

ਬੁਢੀ ਜਹੀ ਜਿੰਦ ਸੀ ਤੇ ਸਧਰਾਂ ਜਵਾਨ ਸਨ

ਪਤਾ ਨਹੀਂ ਸੀ ਪੱਕਿਆਂ ਤੇ ਗੜੇ ਪੈ ਜਾਂਦੇ ਨੇ

ਰਹਿਮਤਾਂ ਦੇ ਬੱਦਲਾਂ 'ਚ ਕੋਠੇ ਢਹਿ ਜਾਂਦੇ ਨੇ

ਅਜ ਪਈ ਬੈਠ ਕੇ ਤੇ ਰੋਂਦੀ ਨਸੀਬਾਂ ਨੂੰ

ਖ਼ੁਸ਼ੀਆਂ ਨਾ ਪਚਦੀਆਂ ਡਿਠੀਆਂ ਗ਼ਰੀਬਾਂ ਨੂੰ

ਮੈਨੂੰ ਡਾਢਾ ਯਾਦ ਏ,

ਸਣੇ ਨੂੰਹ ਲਹੌਰ ਜਦੋਂ ਪੁਤ ਕੋਲ ਗਈ ਸੀ,

ਚਿੜੀ ਘਰ, ਅਜੈਬ ਘਰ,

ਮਲਕਾ ਦਾ ਬੁੱਤ ਨਾਲੇ ਦਾਤਾ ਸਾਹਿਬ ਤੱਕਿਆ

ਉਹ ਕਿਹੜੀ ਥਾਂ ਸੀ,

ਜਿਹੜੀ ਭੁਲੀ ਰਹੀ ਸੀ

ਨਿਤ ਏਹਾ ਕਾਰ ਸੀ,

ਮੁੰਡਾ ਬੜਾ ਸਾਊ,

ਬੱਤਰੀ 'ਚੋਂ ਕੱਢੀ ਹੋਈ ਹਰ ਗੱਲ ਮੰਨਣ ਨੂੰ ਤਿਆਰ ਸੀ

ਲਾਹੌਰ ! ਲਾਹੌਰ ਏ,

ਨੂੰਹ ਸੱਸ ਕੋਲ ਜਦੋਂ ਬੈਠਦਾ ਤੇ ਆਂਹਦਾ ਸੀ

ਉਹਦਾ ਬੜਾ ਸ਼ੁਕਰ ਏ, ਜੇ,

ਪਿੰਡ ਦਿਆਂ ਫਸਤਿਆਂ ਤੋਂ ਏਥੇ ਟੁਰ ਆਏ ਹਾਂ

ਚਲੋ ਕੀ ਹੋਇਆ ਭਾਵੇਂ ਸੌੜਾ ਮਕਾਨ ਜੇ,

ਨ੍ਹੇਰਾ ਜ਼ਰਾ ਹੈ- ਪਰ,

ਬਿਜਲੀ ਦੇ ਬਟਣੇ 'ਚ ਚਾਨਣੇ ਦੀ ਜਾਨ ਏਂ

ਭਾਦਰੋਂ 'ਚ ਪਤਾ ਜੋ ਪਿੰਡ ਹਾਲ ਹੋਂਦਾ ਏ,

ਹਰ ਕੋਈ ਪਿਤ ਹੱਥੋਂ,

ਖੁਰਕ ਖੁਰਕ ਪਿੰਡਾ ਪਿਆ ਖੋਂਹਦਾ

ਏਥੇ ਪਖੇ ਚਲਦੇ ਨੇ ਸ਼ਾਨ ਜਹੀ ਸ਼ਾਨ ਏ,

ਰੱਬਾ ਤੇਰਾ ਸ਼ੁਕਰ ਜਿਨ੍ਹੇਂ ਏਥੇ ਲੈ ਆਂਦਾ

ਤਾਹੀਏਂ ਪਤਾ ਲੱਗਾ ਜਦੋਂ,

ਇਕ ਦਿਨ ਘਰ ਕੇ ਆਂਹਦਾ

"ਅਜ ਮੇਰਾ ਪਿੰਡਾ ਕੁਝ ਮਾਂਦਾ ।"

ਓਸ ਦਿਨ ਮੰਜੀ ਤੇ ਅਜਿਹਾ ਪਿਆ ਫੇਰ ਨਹੀਂ ਉਠਿਆ

ਝੂਠੀ ਹਵਾ ਅਤੇ ਝੂਠੇ ਚਾਨਣੇ ਦਾ ਮੁੱਠਿਆ !!

📝 ਸੋਧ ਲਈ ਭੇਜੋ