ਲਹੂ ਦਾ ਕੇਸਰ

ਡੁੱਲ੍ਹੇ ਲਹੂ ਦੀ ਕੇਸਰ ਜਿਹੀ ਖੁਸ਼ਬੂ ਮਹਿਕਾਵੇ

ਵੇਖੀਂ ! ਕਿੱਧਰੇ ਡੁੱਲ੍ਹਿਆ ਲਹੂ ਬੇਕਾਰ ਨਾ ਜਾਵੇ

ਬੇਸ਼ਕ ਕਰ ਲੈ ਪਿਆਰ ਨਿਮਾਣੀ ਜਿੰਦੜੀ ਤਾਈਂ

ਪਰ ਚੜ੍ਹ ਜਾਵੀਂ ਦਾਰ ਜਦੋਂ ਵੀ ਮੌਕਾ ਆਵੇ

ਕਾਗ਼ਜ਼ ਜਿਹੇ ਫੁੱਲਾਂ ਜਿਉਂ ਜਿਉਂਦੇ ਬਹੁਤੇ ਲੋਕੀਂ

ਮਹਿਕ ਬਿਨਾਂ ਖਿੜਦੇ ਤੇ ਵਿਕਦੇ ਬਹੁਤੇ ਲੋਕੀਂ

ਖਾਂਦੇ,ਪੀਂਦੇ,ਜੰਮਦੇ ਤੇ ਮਰ ਜਾਂਦੇ ਨੇ ਬਸ

ਲਹੂ ਦੇ ਕੇਸਰ ਜਿਉਂ ਪਰ ਕੁੱਝ ਮਹਿਕਾਉਂਦੇ ਲੋਕੀਂ

ਜੀਣੇ ਤੇ ਮਰਨੇ ਦਾ ਭੇਦ ਸਮਝ ਨਾ ਆਇਆ

ਸੌਂ ਸੌਂ ਕੇ ਤੇ ਖਾ ਪੀ ਕੇ ਹੈ ਪੇਟ ਵਧਾਇਆ

ਲੋੜਵੰਦ ਦੀ ਲੋੜ ਕਦੇ ਨਾ ਕੀਤੀ ਪੂਰੀ

ਕਿਰਤ ਕਮਾਈ ਚੋਂ ਨਾ ਤੂੰ ਦਸਵੰਧ ਬਚਾਇਆ

ਦੇਸ਼ ਧਰਮ ਲਈ ਪੀ ਗਏ ਨੇ ਜੋ ਜਾਮ ਸ਼ਹੀਦੀ

ਮੇਲੇ ਲੱਗਣ, ਕੇਸਰ ਛਿੜਕਣ, ਧਾਮ ਸ਼ਹੀਦੀ

ਰਹਿੰਦੀ ਦੁਨੀਆਂ ਤੀਕ ਚਮਕਦੇ ਚੰਨ ਸਿਤਾਰੇ

ਪੈ ਨਈਂ ਸਕਦਾ ਡੁੱਲ੍ਹੇ ਲਹੂ ਦਾ ਦਾਮ ਸ਼ਹੀਦੀ

ਜੋਬਨ ਰੁੱਤੇ ਨਸ਼ਿਆਂ ਵਿੱਚ ਗਲਤਾਨ ਰਿਹੈਂ ਤੂੰ

ਆਪਣੇ ਗੁਰ ਪੈਗੰਬਰ ਤੋਂ ਬੇਈਮਾਨ ਰਿਹੈਂ ਤੂੰ

ਜਿੱਤ ਲੈ ਬਾਜ਼ੀ ਹੁਣ ਤਾਂ ਛੱਡ ਦੇ ਨਸ਼ਿਆਂ ਤਾਈਂ

ਪਹਿਲਾਂ ਵਰਗਾ ਨਾਹੀਂ ਸ਼ੇਰ ਜਵਾਨ ਰਿਹੈਂ ਤੂੰ

📝 ਸੋਧ ਲਈ ਭੇਜੋ