ਲਹੂ ਜੋ ਡੁਲ੍ਹ ਗਿਆ ਮਿੱਟੀ 'ਚ
ਉਹ ਮਿੱਟੀ ਦਾ ਹੈ, ਮੇਰਾ ਨਹੀਂ
ਮੈਂ ਡੁਲ੍ਹੇ ਖ਼ੂਨ ਦਾ ਕੋਈ ਮੁੱਲ ਨਹੀਂ ਲੈਣਾ
ਕਿਸੇ ਮੱਥੇ 'ਤੇ ਉਸ ਦਾ ਤਿਲਕ ਨਹੀਂ ਲਾਉਣਾ
ਲਹੂ ਦੇ ਰੰਗ ਦਾ ਪਰਚਮ ਕਿਸੇ ਦੇ ਸਿਰ ਨਹੀਂ ਟੰਗਣਾ
ਮੇਰੇ ਪਿੱਛੋਂ ਜੋ ਮੇਰੇ ਯਾਰ ਜੀਊਂਦੇ ਨੇ
ਉਹ ਮੇਰੇ ਯਾਰ ਨੇ
ਵਾਂਸ ਦੀ ਪੋਰੀ ਨਹੀਂ
ਲਹੂ ਜੋ ਡੁਲ੍ਹ ਗਿਆ ਮਿੱਟੀ 'ਚ
ਸੂਰਜ ਸੋਖ ਲਏਗਾ
ਜਾਂ ਮਿੱਟੀ ਡੀਕ ਲਏਗੀ
ਮੇਰੇ ਯਾਰਾਂ ਦੇ ਪੈਰਾਂ ਹੇਠ ਉਮਰਾ ਭੋਗ ਲਏਗਾ
ਲਹੂ ਜੋ ਡੁੱਲ੍ਹਿਆ
ਉਹ ਜ਼ਿੰਦਗਾਨੀ ਵਾਸਤੇ ਸੀ
ਕਹਾਣੀ ਵਾਸਤੇ ਨਹੀਂ
ਜੋ ਹਾਲੇ ਵੀ ਰਗਾਂ ਵਿਚ ਦੌੜਦਾ ਹੈ
ਉਹ ਖੂਨ ਮੇਰਾ ਹੈ
ਘਰਾਂ ਵਿਚ ਫੇਰ ਜਦ ਚੁੱਲ੍ਹੇ ਤਪਣਗੇ
ਪੁਰਾਣੇ ਜੁੱਲਿਆਂ ਵਿਚ
ਫੇਰ ਜਦ ਬੇਖ਼ੌਫ਼ ਬੱਚੇ ਨਿੱਘ ਮਾਨਣਗੇ
ਮੇਰੀ ਪਿਆਰੀ ਦੇ ਅਧਮੋਏ ਜਿਸਮ ਵਿਚ
ਫੇਰ ਸੂਰਜ ਉਦੈ ਹੋਏਗਾ
ਸਬੂਤਾਂ ਸੁਲਗਦਾ ਪੂਰਾ
ਜਦੋਂ ਉਹ ਜਾਣ ਜਾਏਗੀ
ਕਿ ਪਿਆਰ ਜੀਊਂਦੀ ਹੁਣ ਲਈ ਹੈ
ਮਰੇ ਇਤਿਹਾਸ ਦੇ ਲਈ ਨਹੀਂ
ਉਦੋਂ ਆਖਾਂਗਾ ਮੈਂ,
ਲਹੂ ਜੋ ਡੁਲ੍ਹ ਗਿਆ ਮਿੱਟੀ 'ਚ
ਉਹ ਮਿੱਟੀ ਦਾ ਹੈ, ਮੇਰਾ ਨਹੀਂ
ਮੈਂ ਕਬਰ ਵਿਚ ਕੈਦ ਨਹੀਂ
ਰਗਾਂ ਵਿਚ ਦੌੜਦਾ ਹਾਂ