ਲੈ ਚੱਲੋ ਸਾਥੀਓ!
ਮੈਨੂੰ ਇਸ ਕਾਫਲੇ ਸੰਗ
ਕਿ ਮੈਂ ਨਹੀਂ ਬਣ ਸਕਿਆ
ਬੁੱਢੇ ਬਾਪ ਦੀ ਡੰਗੋਰੀ
ਕਿ ਮੈਂ ਨਹੀਂ ਮੁੜਵਾ ਸਕਿਆ
ਗਹਿਣੇ ਪਈਆਂ ਮਾਂ ਦੀਆਂ ਮੁਰਕੀਆਂ
ਮੇਰੇ ਸਿਰ ਅਜੇ ਤੱਕ ਬਾਕੀ ਹੈ
ਭੈਣ ਦੀਆਂ ਰੱਖੜੀਆਂ ਦਾ ਉਧਾਰ
ਵਿਅਰਥ ਢੋਂਦਾ ਰਿਹਾ ਹਾਂ
ਇਹਨਾਂ ਡਿਗਰੀਆਂ ਦਾ ਭਾਰ
ਘਸ ਗਏ ਹਨ ਤਲੇ
ਰੁਜ਼ਗਾਰ ਦਫ਼ਤਰ ਦੇ ਬੂਹੇ 'ਤੇ
ਪਰ ਅੱਜ
ਸੰਘੀ ਘੁੱਟ ਕੇ ਮਾਰ ਆਇਆ ਹਾਂ
ਚਿਰਾਂ ਤੋਂ ਸਹਿਕਦੀ ਹੋਈ ਆਸ
ਤੇ ਹੁਣ ਸਾਥੀਓ!
ਲੈ ਚੱਲੋ ਮੈਨੂੰ ਇਸ ਕਾਫਲੇ ਸੰਗ
ਬਚਪਨ ਤੋਂ ਚੱਲ ਕੇ
ਸਿੱਧਾ ਮੁਕਾ ਲਿਆ ਹੈ
ਬੁਢਾਪੇ ਤੱਕ ਦਾ ਸਫਰ
ਪਤਾ ਨਹੀਂ ਲੰਘ ਗਈ ਹੈ
ਜਾਂ ਫਿਰ ਅਜੇ ਆਉਣੀ ਹੈ
ਜਵਾਨੀ ਨਾਂ ਦੀ ਮੰਜ਼ਲ
ਮੈਂ ਤਾਂ ਏਨਾ ਹੀ ਜਾਣਦਾ ਹਾਂ
ਕਿ ਸਮੇਂ ਦੀ ਲੋਅ ਵਿਚ
ਸਾਂਭਦਿਆਂ ਵੀ ਤਿੜਕ ਗਿਆ ਹੈ
ਮੇਰਾ ਮਹਿਬੂਬ ਦਾ ਸੁਪਨਾ
ਪਰ ਹੁਣ ਸਾਂਭ ਕੇ ਲੈ ਤੁਰਿਆ ਹਾਂ
ਦਿਲ ਵਿਚ ਬਦਲੇ ਦੀ ਅੱਗ
ਤੇ ਹੁਣ ਸਾਥੀਓ!
ਲੈ ਚੱਲੋ ਮੈਨੂੰ ਇਸ ਕਾਫਲੇ ਦੇ ਸੰਗ
ਖੁਦ ਤਾਂ ਵਸਦਿਆਂ 'ਚ ਵੀ ਦਾਖਲ ਨਹੀਂ
ਪਰ ਅਜੇ ਕਿਓਟਣੀ ਬਾਕੀ ਹੈ
ਕਬੀਲਦਾਰੀ ਬਾਪੂ ਦੀ
ਇੱਕ ਮਿਹਣਾ ਬਣ ਗਈ ਹੈ ਯਾਰੋ ।
ਬੂਹੇ ਤੇ ਬੈਠੀ ਪਰ ਜਵਾਨ ਮਾਂ ਜਾਈ
ਬੈਂਕ ਦੀ ਜਾੜ੍ਹ ਥੱਲੇ ਆ ਗਿਆ ਹੈ
ਭੋਇੰ ਦਾ ਇੱਕ ਇੱਕ ਓਰਾ
ਤੇ ਹੁਣ ਤਾਂ ਚੱਲ ਵੀ ਪਿਆ ਹੈ
ਘਰਾਂ ਦੀ ਕੁਰਕੀ ਦਾ ਦੌਰ
ਮੇਰੀਆਂ ਅੱਖਾਂ ਦੇ ਸਾਹਵੇਂ ਹੀ
ਖੋਹਲੇ ਜਾ ਰਹੇ ਨੇ
ਬਾਪੂ ਦੇ ਲਾਡਲੇ ਵਹਿੜੇ
ਇਸ ਜੀਣ ਨੂੰ ਵੀ
ਕਿ ਜੀਣਾ ਹੀ ਕਹੀਏ ਦੋਸਤੋ
ਕਿ ਖੜ੍ਹੇ ਵੇਖੀ ਜਾਣਾ
ਚੌਧਰੀਆਂ ਦੇ ਪੈਰਾਂ 'ਚ ਰੁਲਦੀ
ਬਾਪੂ ਦੀ ਪੱਗ
ਤੇ ਮਾਂ ਦੀ ਚੁੰਨੀ
ਸਬਰ ਦੀ ਵੀ ਕੋਹੀ ਹੱਦ ਹੁੰਦੀ ਹੈ
ਦੋਸਤੋ!
ਕਿ ਲੈ ਚੱਲੋ ਮੈਨੂੰ ਇਸ ਕਾਫਲੇ ਸੰਗ ।