ਲੈ ਕੇ ਬੀਨ ਫਿਰਦੇ ਨੇ ਸਪੇਰੇ

ਲੈ ਕੇ ਬੀਨ ਫਿਰਦੇ ਨੇ, ਸਪੇਰੇ  ਫੜ੍ਹਨ ਲਈ ਤੈਨੂੰ 

        ਪਟਾਰੀ ਪਾਉਣ ਲਈ ਤੈਨੂੰ, ਜਿੰਦਰੇ ਜੜਨ ਲਈ ਤੈਨੂੰ

 ਆਪਣੇ ਜਹਿਰ ਦਾ ਕਰਦਾ ਏ, ਇਸਤੇਮਾਲ ਜਿੰਨ੍ਹਾਂ ਤੇ

        ਫਿਰਦੇ ਭਾਲਦੇ  ਮੌਕਾ ਨੇ , ਉਲਟਾ ਲੜਨ ਲਈ ਤੈਨੂੰ

ਤੇਰੇ ਤੋੜਨਾਂ ਚਾਹੁੰਦੇ ਦੰਦਾਂ ਨੂੰ,  ਬਿਨਾ ਦੇਰੀ ਉਹ

       ਹੋਏ ਉਤਾਵਲੇ ਫਿਰਦੇ ਨੇ,  ਊਜਾਂ ਮੜ੍ਹਨ ਲਈ ਤੈਨੂੰ

ਤੇਰਾ ਜਹਿਰ ਕੀ ਰੱਖਦਾ ਹੈ ਮਾਇਨੇ, ਬਾਜ ਦੰਦਾਂ ਦੇ

      ਉਹ ਰੱਖਣਾ ਕੈਦ ਚਾਹੁੰਦੇ ਨੇ, ਉਮਰ ਭਰ ਸੜਨ ਲਈ ਤੈਨੂੰ

ਕਰ ਅਹਿਸਾਸ ਭਲਿਆ ਤੂੰ, ਕਿੰਨਾਂ ਬਲ ਮਿਲਿਆ ਹੈ

       ਸਦਾ ਬੁਰਿਆਈ ਦੇ ਸਾਹਵੇਂ, ਡੱਟ ਕੇ ਖੜ੍ਹਨ ਲਈ ਤੈਨੂੰ 

ਸੱਚਮੁੱਚ ਵਕਤ ਦਿੱਤਾ ਹੈ "ਅਮਰ ਸਿੰਹਾ" ਆਪ ਮੌਲਾ ਨੇ

       ਚੱਲਦੀ ਕਲਮ ਰੱਖਣ ਲਈ, ਤੇ ਕੁੱਝ ਪੜ੍ਹਨ ਲਈ ਤੈਨੂੰ

ਚੁਣ ਲੈ ਰਾਹ ਬਗਾਵਤ ਦਾ, ਘੁੱਟ ਘੁੱਟ ਜੀਣ ਦੇ ਨਾਲੋ

        ਉਹਨੇ ਹਿੰਮਤ ਦਿੱਤੀ ਹੈ, ਪਰਬਤ ਚੜ੍ਹਨ ਲਈ ਤੈਨੂੰ

📝 ਸੋਧ ਲਈ ਭੇਜੋ