ਲਾਇਆ ਸੀ ਦਰਵਾਜ਼ੇ ਤੇ ਜੋ, ਪੱਥਰ ਕਿਧਰ ਗਿਆ।
ਸੱਚ ਦੱਸ ਕਿ ਤੇਰੇ ਨਾਮ ਦਾ ਅੱਖਰ ਕਿਧਰ ਗਿਆ।
ਤਾਮੀਰ ਕਰਦਾ ਫਿਰ ਰਿਹਾ ਸੀ ਤੂੰ ਨਵੇਂ ਸ਼ਹਿਰ,
ਹੁਣ ਦੱਸ ਕਿ ਤੇਰਾ ਆਪਣਾ ਹੀ ਘਰ ਕਿਧਰ ਗਿਆ।
ਮੇਰੇ ਤਾਂ ਜ਼ਖ਼ਮ ਓਸਨੂੰ ਕਰਦੇ ਨੇ ਹੁਣ ਵੀ ਯਾਦ,
ਸੀਨੇ ’ਚ ਸੀ ਜੋ ਮਾਰਿਆ ਖੰਜਰ ਕਿਧਰ ਗਿਆ।
ਐਨਕ ਹੈ ਮੇਜ਼ ਤੇ ਪਈ ਕਾਗਜ਼ ਤੇ ਫੁੱਲਦਾਨ,
ਸਭ ਕੁਝ ਪਿਆ ਉਵੇਂ ਹੈ ਪਰ, ਮਾਲਕ ਕਿਧਰ ਗਿਆ?
ਕੋਈ ਨਾ ਉਸਦੇ ਕੋਲ ਸੀ ਇਸ ਰੁਖ਼ਸਤੀ ਸਮੇਂ,
‘ਅਜਮੇਰ’ ਨੂੰ ਜੋ ਆਖਦੇ ਸੀ ਮਰ ਕਿਧਰ ਗਿਆ।