ਲਕੜੀ ਬਲੇ ਤੇ ਪਾਣੀ ਨਿਕਲੇ ਅੱਖਾਂ ਖੋਲ੍ਹ ਕੇ ਦੇਖ ।
ਵਾਂਗ ਅਸਾਡੇ ਕਦੇ ਤੇ ਮੂਰਖ਼ ਜ਼ਿੰਦੜੀ ਰੋਲ ਕੇ ਦੇਖ ।
ਇਹ ਵਖ਼ਤਾਂ ਦੀ ਗੱਲ ਏ ਸੱਜਣਾ ਅਮ੍ਰਿਤ ਮਿਲੇ ਜਾਂ ਜ਼ਹਿਰ,
ਬੇਰਸ ਜੀਵਨ ਦੇ ਪਿਆਲੇ ਵਿਚ ਕੁਝ ਤੇ ਘੋਲ ਕੇ ਦੇਖ ।
ਚੜ੍ਹਦਾ ਸੂਰਜ ਨੈਣ ਵਿਛਾ ਕੇ ਤੱਕਦਾ ਤੇਰਾ ਰਾਹ,
ਰਸਤੇ ਦੀ ਹਰ ਔਕੜ ਰਾਹੀਆ ਹੋਰ ਮਧੋਲ ਕੇ ਦੇਖ ।
ਦਾਰ ਹੁਲਾਰਾ ਬੜਾ ਪਿਆਰਾ ਕਰਦਾ ਉੱਚਾ ਨਾਂ,
ਚੁੱਪ ਦੇ ਜਿੰਦਰੇ ਖੋਲ੍ਹ ਕਦੇ ਤੇ ਮੂੰਹੋਂ ਬੋਲ ਕੇ ਦੇਖ ।
ਕਿਧਰੇ ਲਿਖਿਆ ਹੋਇਆ ਹੋਵੇ ਖ਼ਬਰੇ ਸਾਡਾ ਨਾਂ,
ਕਦੀ ਤੇ ਦਿਲ ਦੀ ਬੰਦ ਕਿਤਾਬ ਨੂੰ ਸੱਜਣਾ ਫੋਲ ਕੇ ਦੇਖ ।
ਇਕ ਨਿਕੇ ਜਿਹੇ ਸ਼ਹਿਰ ਨੂੰ ਲੈ ਗਏ ਹਾਸੇ ਤੇਰੇ ਰੋੜ੍ਹ,
ਦਿਲ ਦਰਿਆ ਦਾ ਕਦੇ ਨਜ਼ਾਰਾ ਘੁੰਡ ਨੂੰ ਖੋਲ੍ਹ ਕੇ ਦੇਖ ।
ਖ਼ਬਰੇ ਤੇਰਾ ਲਾਲ ਗਵਾਚਾ ਮਿਲ ਜਾਵੇ ਏਸੇ ਵਿਚ,
'ਕਾਸ਼ਰ' ਯਾਰ ਤੂੰ ਗਲੀ ਗਲੀ ਦੀ ਖ਼ਾਕ ਫਰੋਲ ਕੇ ਦੇਖ ।