ਲੱਖ ਕਰੋੜਾਂ ਤਾਰੇ ਚਮਕਣ, ਫੇਰ ਵੀ ਕਾਲੀ ਲੱਗੇ ।
'ਅਜਮਲ' ਅੱਜ ਦੀ ਰਾਤ ਕਦੇ ਨਾ ਮੁੱਕਣ ਵਾਲੀ ਲੱਗੇ ।
ਅੱਖਾਂ ਵਿਚ ਪਰਛਾਵੇਂ ਨੱਚਣ, ਦਿਲ ਵਿਚ ਧੂੜਾਂ ਉੱਡਣ,
'ਅਜਮਲ' ਫੇਰ ਗ਼ਮਾਂ ਦੀ ਨ੍ਹੇਰੀ ਝੁੱਲਣ ਵਾਲੀ ਲੱਗੇ ।
ਸੁੱਕੇ ਪੱਤਰ ਕਿਹੜੀਆਂ ਅੱਖਾਂ ਨਾਲ ਮੈਂ ਉਸ ਦੇ ਦੇਖਾਂ,
'ਅਜਮਲ' ਜਿਹੜੇ ਬੂਟੇ ਨੂੰ ਨਹੀਂ ਫੁੱਲ ਵੀ ਹਾਲੀ ਲੱਗੇ ।
ਮਸਲ ਰਿਹਾ ਏ ਜਿਹੜਾ ਪੈਰਾਂ ਥੱਲੇ ਗ਼ੁਨਚਾ-ਗ਼ੁਨਚਾ,
'ਅਜਮਲ' ਉਹੋ ਮੈਨੂੰ ਉਸ ਗੁਲਸ਼ਨ ਦਾ ਮਾਲੀ ਲੱਗੇ ।
ਲੋਕਾਂ ਨੂੰ ਜੋ ਲਗਦੈ ਲੱਗੇ, ਜੋ ਦਿਸਦਾ ਏ ਦਿੱਸੇ,
'ਅਜਮਲ' ਮੈਨੂੰ ਤੇ ਚੰਨ ਉਹਦੇ ਕੰਨ ਦੀ ਵਾਲੀ ਲੱਗੇ ।